For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਮੌਕੇ ਵੀ ਲੱਗੇ ਰਹੇ ਟੌਲ ਪਲਾਜ਼ਿਆਂ ’ਤੇ ਧਰਨੇ

07:30 AM Nov 02, 2024 IST
ਦੀਵਾਲੀ ਮੌਕੇ ਵੀ ਲੱਗੇ ਰਹੇ ਟੌਲ ਪਲਾਜ਼ਿਆਂ ’ਤੇ ਧਰਨੇ
ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਪਵਨ ਗੋਇਲ
Advertisement

ਮਨੋਜ ਸ਼ਰਮਾ
ਬਠਿੰਡਾ, 1 ਨਵੰਬਰ
ਕਿਸਾਨਾਂ ਨੇ ਇੱਕ ਵਾਰ ਫੇਰ ਜਿੱਥ ਦੀਵਾਲੀ ਦੀ ਰਾਤ ਮੰਡੀਆਂ ਵਿੱਚ ਗੁਜ਼ਾਰੀ, ਉਥੇ ਹੀ ਜੀਦਾ, ਬੱਲੂਆਣਾ ਤੇ ਲਹਿਰਾ ਬੇਗਾ ਆਦਿ ਟੌਲ ਪਲਾਜ਼ਿਆਂ ’ਤੇ ਕਿਸਾਨ ਜਥੇਬੰਦੀਆਂ ਦੇ ਧਰਨੇ ਲੱਗੇ ਰਹੇ। ਗੌਰਤਲਬ ਹੈ ਇਸ ਵਾਰ ਖਰੀਦ ਪ੍ਰਬੰਧਾਂ ਦੀ ਫੂਕ ਨਿਕਲ ਗਈ ਹੈ, ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਹਨ ਤੇ ਮਜਬੂਰੀ ਵੱਸ ਕਿਸਾਨਾਂ ਨੂੰ ਆਪਣਾ ਝੋਨਾ ਪਿੰਡਾਂ ਵਿੱਚ ਪਈਆਂ ਵਿਹਲੀਆਂ ਸੁੰਨੀਆਂ ਥਾਵਾਂ ’ਤੇ ਲਾਹੁਣਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਝੋਨੇ ਦੀ ਖਰੀਦ ਕਰਵਾਉਣ ਲਈ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਅੱਜ ਸੋਲ੍ਹਵੇਂ ਦਿਨ ਵੀ ਮੋਰਚਾ ਜਾਰੀ ਰਿਹਾ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਝੋਨੇ ਦੀ ਖਰੀਦ ਅਤੇ ਚੁਕਾਈ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਗੇ ਮੋਰਚਿਆਂ ਦੌਰਾਨ ਅੱਜ ਦੇ ਬੁਲਾਰਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾਗੁਰੂ, ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦਾ ਬਦਲਾ ਲਊ ਭਾਵਨਾ ਨਾਲ ਤੇ ਮੰਡੀਕਰਨ ਬੋਰਡ ਦਾ ਢਾਂਚਾ ਤੋੜ ਕੇ ਅਨਾਜ ਨੂੰ ਖੁੱਲੀ ਮੰਡੀ ਰਾਹੀਂ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਤੇ ਚਲਦਿਆਂ ਇਸ ਵਾਰ ਝੋਨੇ ਦੀ ਖਰੀਦ ਦੇ ਪੂਰੇ ਪ੍ਰਬੰਧ ਨਹੀਂ ਕੀਤੇ। ਇਕ ਨਵੰਬਰ ਨੂੰ ਹਰ ਸਾਲ ਮੰਡੀਆਂ ਦਾ ਸੀਜ਼ਨ ਖਤਮ ਹੋਣ ਨੇੜੇ ਹੁੰਦਾ ਹੈ ਪਰ ਹਾਲੇ ਤੱਕ ਸ਼ੈਲਰਾਂ ਚੋਂ ਪਿਛਲੇ ਦੋ ਸਾਲਾਂ ਦੇ ਚੌਲ ਨਹੀਂ ਚੁੱਕੇ ਗਏ ਤੇ ਨਾ ਹੀ ਹਾਲੇ ਤੱਕ ਸ਼ੈਲਰ ਮਾਲਕਾਂ ਨਾਲ ਖਰੀਦਣ ਦਾ ਪੂਰੀ ਤਰ੍ਹਾਂ ਸਮਝੌਤਾ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਨੀਤੀਆਂ ਤੇ ਚੱਲਦਿਆਂ ਹੋਇਆਂ ਝੋਨੇ ਦੀ ਖਰੀਦ ਦੇ ਅਗਾਊਂ ਇੰਤਜ਼ਾਮ ਨਹੀਂ ਕੀਤੇ। ਕੇਂਦਰ ਤੇ ਪੰਜਾਬ ਸਰਕਾਰ ਰੋਜਾਨਾ ਇੱਕ ਦੂਜੇ ਤੇ ਦੋਸ਼ ਲਾਉਣ ਦੇ ਨਾਟਕ ਕਰ ਰਹੀਆਂ ਹਨ ਪਰ ਕਿਸਾਨ ਤੇ ਉਸ ਦੀ ਫਸਲ ਮੰਡੀਆਂ ਅਤੇ ਸੜਕਾਂ ਤੇ ਰੋਲ ਰਹੇ ਹਨ। ਪਰਾਲੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਡੀਏਪੀ ਦੀ ਤੋਟ ਬਰਕਰਾਰ ਹੈ। ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਕਣਕ ਤੇ ਬੀਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦੋਂ ਕਿ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ।

Advertisement

ਸੈਂਕੜੇ ਕਿਸਾਨਾਂ ਨੇ ਦੀਵਾਲੀ ਵਾਲੀ ਰਾਤ ਅਨਾਜ ਮੰਡੀਆਂ ’ਚ ਗੁਜ਼ਾਰੀ

ਮੰਡੀ ’ਚ ਝੋਨੇ ਦੀਆਂ ਢੇਰੀਆਂ ਦੀ ਰਾਖੀ ਕਰਦੇ ਕਿਸਾਨ।

ਮਾਨਸਾ: (ਜੋਗਿੰਦਰ ਸਿੰਘ ਮਾਨ): ਮਾਲਵਾ ਪੱਟੀ ਵਿਚ ਬਹੁਤ ਸਾਰੇ ਕਿਸਾਨਾਂ ਨੇ ਐਤਕੀਂ ਕੌਮੀ ਤਿਉਹਾਰ ਦੀਵਾਲੀ ਵਾਲੀ ਰਾਤ ਆਪਣੀਆਂ ਜਿਣਸਾਂ ਦੀਆਂ ਢੇਰੀਆਂ ’ਤੇ ਗੁਜ਼ਾਰੀ। ਲੰਘੇ ਦਿਨ ਦੀਵਾਲੀ ਵਾਲੇ ਦਿਨ ਸਿਰਫ ਕਿਸਾਨਾਂ ਦਾ ਝੋਨਾ ਹੀ ਨਹੀਂ ਵਿਕਿਆ, ਜਦੋਂ ਕਿ ਦੁਕਾਨਦਾਰਾਂ ਦਾ ਸਭ ਕੁਝ ਵਿਕਿਆ। ਮਾਨਸਾ ਜ਼ਿਲ੍ਹੇ ਵਿਚਲੀਆਂ 118 ਅਨਾਜ ਮੰਡੀਆਂ ਵਿਚੋਂ ਇਕੱਤਰ ਕੀਤੇ ਅੰਕੜਿਆਂ ਤੋਂ ਜਾਣਕਾਰੀ ਮਿਲੀ ਹੈ, ਕਿ ਜ਼ਿਲ੍ਹੇ ਦੇ ਦਰਜਨਾਂ ਖਰੀਦ ਕੇਂਦਰ ਵਿਚ ਕੱਲ੍ਹ ਦੀਵਾਲੀ ਵਾਲੇ ਦਿਨ ਇੱਕ ਦਾਣਾ ਵੀ ਝੋਨੇ ਦਾ ਵਿਕਿਆ ਨਹੀਂ ਅਤੇ ਨਾ ਹੀ ਕੋਈ ਢੇਰੀ ਪਹਿਲਾਂ ਤੋਂ ਬੋਲੀ ਲੱਗੇ ਝੋਨੇ ਦੀ ਤੁਲੀ ਹੈ। ਅਧਿਕਾਰੀਆਂ ਨੇ ਮੰਡੀ ਵਿਚ ਗੇੜਾ ਹੀ ਨਹੀਂ ਮਾਰਿਆ ਅਤੇ ਆਥਣ ਤੱਕ ਕਿਸਾਨ ਅਤੇ ਤੋਲੇ ਮਜ਼ਦੂਰ ਉਨ੍ਹਾਂ ਦਾ ਰਾਹ ਤੱਕਦੇ ਰਹੇ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਆਸ ਸੀ ਕਿ ਉਹ ਦੀਵਾਲੀ ਦਿਨ ਝੋਨਾ ਵੇਚ ਕੇ ਘਰਾਂ ਨੂੰ ਚਲੇ ਜਾਣਗੇ ਪਰ ਦੀਵਾਲੀ ਵਾਲੀ ਰਾਤ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਮੰਡੀਆਂ ਵਿਚ ਗੁਜ਼ਾਰਨੀ ਪਈ। ਇਸੇ ਤਰ੍ਹਾਂ ਪਿੰਡ ਭੈਣੀਬਾਘਾ ਦੇ ਖਰੀਦ ਕੇਂਦਰ ਵਿਚ ਕਿਸਾਨ ਸੁਖਦੇਵ ਸਿੰਘ, ਬੂਟਾ ਸਿੰਘ, ਨਾਜ਼ਮ ਸਿੰਘ ਅਤੇ ਹੋਰ ਕਿਸਾਨ ਕਈ ਦਿਨਾਂ ਤੋਂ ਝੋਨਾ ਲਈ ਬੈਠੇ ਹਨ ਅਤੇ ਆਪਣੀ ਬੋਲੀ ਨੂੰ ਉਡੀਕ ਰਹੇ ਹਨ, ਪਰ ਕੋਈ ਅਧਿਕਾਰੀ ਤੇ ਕਰਮਚਾਰੀ ਮੰਡੀ ਵਿਚ ਬਹੁੜ ਨਹੀਂ ਰਿਹਾ। ਭਾਵੇਂ ਡੀਸੀ ਕੁਲਵੰਤ ਸਿੰਘ ਨੇ ਛੁੱਟੀ ਵਾਲੇ ਦਿਨ ਵੀ ਝੋਨਾ ਤੋਲਣ ਤੇ ਉਸ ਦੀ ਬੋਲੀ ਲਾਉਣ ਬਾਰੇ ਬਕਾਇਦਾ ਰੂਪ ’ਚ ਆਦੇਸ਼ ਜਾਰੀ ਕੀਤੇ ਹੋਏ ਹਨ ਪਰ ਦੀਵਾਲੀ ਦੇ ਦਿਨ ਇਨ੍ਹਾਂ ਹੁਕਮਾਂ ਦਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement