ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਧਰਨੇ ਦੀ ਚਿਤਾਵਨੀ
ਪੱਤਰ ਪ੍ਰੇਰਕ
ਪਟਿਆਲਾ, 27 ਜੂਨ
ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰ ਰਹੀ ਸੂਬਾ ਜਥੇਬੰਦੀ ਸੁਤੰਤਰਤਾ ਸੰਗਰਾਮੀ ਉੱਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ. 234 ਦੀ ਜ਼ਿਲ੍ਹਾ ਪਟਿਆਲਾ ਦੀ ਇਕਾਈ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ਦੇ ਟੌਲ ਟੈਕਸਾਂ ਤੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਧੱਕੇਸ਼ਾਹੀ ਨਾਲ ਪਰਚੀ ਕੱਟਣ ਵਿਰੁੱਧ ਡੀਸਸੀ ਪਟਿਆਲਾ ਦੇ ਨਾਮ ਸਹਾਇਕ ਕਮਿਸ਼ਨਰ ਜਗਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੌਬੀ ਅਤੇ ਦਫ਼ਤਰ ਇੰਚਾਰਜ ਕਮਲਦੀਪ ਸਿੰਘ ਗਿੱਲ ਨੇ ਕਿਹਾ ਕਿ ਜ਼ੀਰਕਪੁਰ ਟੌਲ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਧੱਕੇਸ਼ਾਹੀ ਨਾਲ ਪਰਚੀ ਕੱਟਣ ਕਾਰਨ ਪਰਿਵਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇ ਟੌਲ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਮਿਨੀ ਸਕੱਤਰੇਤ ਵਿੱਚ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸਰਪ੍ਰਸਤ ਅਜੀਤ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਅਜੇ ਖੰਨਾ, ਮੀਤ ਪ੍ਰਧਾਨ ਬਲਜੀਤ ਕੌਰ, ਦਫ਼ਤਰ ਇੰਚਾਰਜ ਕਮਲਦੀਪ ਸਿੰਘ ਗਿੱਲ ਸ਼ਾਮਲ ਹੋਏ।