For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਕਿਸਾਨ ਮੋਰਚੇ ਵਲੋਂ ਧਰਨੇ ਦੀਆਂ ਤਿਆਰੀਆਂ ਮੁਕੰਮਲ: ਲੱਖੋਵਾਲ

10:11 AM Nov 25, 2023 IST
ਸੰਯੁਕਤ ਕਿਸਾਨ ਮੋਰਚੇ ਵਲੋਂ ਧਰਨੇ ਦੀਆਂ ਤਿਆਰੀਆਂ ਮੁਕੰਮਲ  ਲੱਖੋਵਾਲ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ। ਫੋਟੋ: ਗਿੱਲ
Advertisement

ਪੱਤਰ ਪ੍ਰੇਰਕ
ਮਾਛੀਵਾੜਾ, 24 ਨਵੰਬਰ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਬੇਸ਼ੱਕ ਗੰਨੇ ਦੀਆਂ ਮੰਗਾਂ ਸਬੰਧੀ ਸਰਕਾਰ ਨਾਲ ਸਹਿਮਤੀ ਹੋ ਗਈ ਹੈ ਪਰ ਬਾਕੀ ਮੰਗਾਂ ਜਿਸ ਵਿਚ ਸਮਰਥਨ ਮੁੱਲ, ਕਰਜ਼ਾ ਮੁਕਤੀ, ਬੁਢਾਪਾ ਪੈਨਸ਼ਨ, ਬੀਮਾ ਯੋਜਨਾ, ਲਖਮੀਰਪੁਰ ਖੀਰੀ ਦੀ ਘਟਨਾ ਦਾ ਇਨਸਾਫ਼ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਲਈ ਧਰਨੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਜੋ ਮੰਗਾਂ ਬਾਕੀ ਬਚੀਆਂ ਹਨ ਉਸ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਜਿਸ ਵਿਚ ਸਬਜ਼ੀ, ਮੂੰਗੀ, ਮੱਕੀ, ਬਾਸਮਤੀ ’ਤੇ ਸਬਸਿਡੀ, ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਤੇ ਨੌਕਰੀ, ਕਿਸਾਨਾਂ ਦੇ ਪਰਾਲੀ ਫੂਕਣ ਸਬੰਧੀ ਦਰਜ ਕੀਤੇ ਪਰਚੇ ਤੇ ਜੁਰਮਾਨੇ ਵਾਪਸ ਲਏ ਜਾਣ, ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਆਬਾਦਕਾਰਾਂ ਨੂੰ ਹੱਕ ਦਿੱਤੇ ਜਾਣ, ਚਿਪ ਵਾਲੇ ਮੀਟਰਾਂ ਨੂੰ ਲਾਉਣ ਤੋਂ ਰੋਕਿਆ ਜਾਵੇ, ਸੜਕਾਂ ਲਈ ਐਕੁਵਾਇਰ ਕੀਤੀਆਂ ਜ਼ਮੀਨਾਂ ਦਾ ਸਰਕਾਰੀ ਰੇਟ ਦਿੱਤਾ ਜਾਵੇ, ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਸਾਂਝੀਆਂ ਜਮੀਨਾਂ ਸਬੰਧੀ ਤਕਸੀਮ ਕੈਂਪ ਲਗਾਏ ਜਾਣ ਅਤੇ ਆਵਾਰਾ ਗਊਆਂ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਹਜ਼ਾਰਾਂ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ 26 ਨੂੰ ਚੰਡੀਗੜ੍ਹ ਪੁੱਜ ਜਾਣਗੇ ਜਿੱਥੇ 28 ਨਵੰਬਰ ਤੱਕ ਧਰਨਾ ਦਿੱਤਾ ਜਾਵੇਗਾ।

Advertisement

ਕਿਸਾਨਾਂ ਨੇ ਟਰਾਲੀਆਂ ਸ਼ਿੰਗਾਰੀਆਂ ਤੇ ਲੰਗਰ ਦਾ ਸਾਮਾਨ ਇਕੱਠਾ ਕੀਤਾ

ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਸਬਾ ਜੋਧਾਂ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਕਿਸਾਨਾਂ ਨੇ 26 ਤੋਂ 28 ਨਵੰਬਰ ਤੱਕ ਚੰਡੀਗੜ੍ਹ ਵਿੱਚ ਮਹਾਂ-ਪੜਾਅ ਲਈ ਸਭ ਤਿਆਰੀਆਂ ਪੂਰੀਆਂ ਕਰ ਕੇ ਆਪਣੀਆਂ ਟਰਾਲੀਆਂ ਨੂੰ ਸ਼ਿੰਗਾਰ ਲਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਲੰਗਰ ਦਾ ਸਮਾਨ ਇਕੱਠਾ ਕਰਕੇ ਆਪਣੀਆਂ ਟਰਾਲੀਆਂ, ਕਾਰਾਂ, ਜੀਪਾਂ ਵਿੱਚ ਲੱਦ ਲਿਆ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇ ਕਿਸਾਨ 25 ਨਵੰਬਰ ਨੂੰ ਹੀ ਚੰਡੀਗੜ੍ਹ ਲਈ ਚਾਲੇ ਪਾ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਦਾ ਮਹਾਂ-ਪੜਾਅ ਕਿਸਾਨ ਵਿਰੋਧੀ ਅਤੇ ਫ਼ਾਸ਼ੀਵਾਦੀ ਮੋਦੀ ਹਕੂਮਤ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਸੂਬਿਆਂ ਦੀਆਂ ਸਭ ਰਾਜਧਾਨੀਆਂ ਵਿੱਚ ਲੱਗਣ ਵਾਲਾ ਇਹ ਮੋਰਚਾ ਜਿੱਥੇ ਕਿਸਾਨਾਂ ਦੀਆਂ ਮੰਗਾਂ, ਮੁਸ਼ਕਲਾਂ ਦੇ ਹੱਲ ਦਾ ਰਸਤਾ ਦਿਖਾਏਗਾ, ਉੱਥੇ ਲੁਟੇਰੇ ਕਾਰਪੋਰੇਟ ਪੱਖੀ ਰਾਜ ਦਾ ਭੋਗ ਪਾਉਣ ਵਿੱਚ ਵੀ ਸਹਾਈ ਹੋਵੇਗਾ। ਕਿਸਾਨ ਆਗੂ ਨੇ ਕਿਹਾ ਕਿ ਸੂਬੇ ਦੀ ਮਾਨ ਸਰਕਾਰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਪ੍ਰਾਜੈਕਟ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਜਬਰੀ ਕਬਜ਼ਾ ਕਰਨਾ ਕਿਸਾਨ ਵਿਰੋਧੀ ਹੋਣ ਦਾ ਸਬੂਤ ਹੈ। ਉਨ੍ਹਾਂ ਕਿਸਾਨ ਵੱਲੋਂ ਬੀਜੀਆਂ ਫ਼ਸਲਾਂ ਦੇ ਉਜਾੜੇ ਦੀ ਨਿੰਦਾ ਕੀਤੀ। ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Advertisement

Advertisement
Author Image

joginder kumar

View all posts

Advertisement