For the best experience, open
https://m.punjabitribuneonline.com
on your mobile browser.
Advertisement

ਸਾਹਨੇਵਾਲ ਨੇੜੇ ਰੇਲਵੇ ਟਰੈਕ ’ਤੇ ਧਰਨਾ

07:51 AM Oct 04, 2024 IST
ਸਾਹਨੇਵਾਲ ਨੇੜੇ ਰੇਲਵੇ ਟਰੈਕ ’ਤੇ ਧਰਨਾ
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਧਰਨੇ ਕਾਰਨ ਰੁਕੀਆਂ  ਯਾਤਰੀ ਰੇਲ ਗੱਡੀਆਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਕਤੂਬਰ
ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਸੱਦੇ ਤਹਿਤ ਵੀਰਵਾਰ ਨੂੰ ਦੁਪਹਿਰ 12 ਵਜੇ ਦੇ ਕਰੀਬ ਸਾਹਨੇਵਾਲ, ਮੁੱਲਾਂਪੁਰ ਨੇੜੇ ਰੇਲਵੇ ਟਰੈਕ ’ਤੇ ਧਰਨਾ ਦੇ ਕੇ ਰੇਲ ਗੱਡੀ ਦੀਆਂ ਲਾਈਨਾਂ ਜਾਮ ਕਰ ਦਿੱਤੀਆਂ। ਇਸ ਮਗਰੋਂ ਅਗਲੇ ਤਿੰਨ ਘੰਟੇ ਜਿਹੜੀ ਰੇਲ ਗੱਡੀ ਜਿਸ ਥਾਂ ਸੀ ਉਸ ਨੂੰ ਉਥੇ ਹੀ ਰੋਕ ਦਿੱਤਾ ਗਿਆ। ਇਸ ਕਾਰਨ ਦਿੱਲੀ ਤੋਂ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਫ਼ਿਰੋਜ਼ਪੁਰ ਵਿਚਾਲੇ ਰੇਲ ਗੱਡੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਲਗਪਗ ਸਾਰੀਆਂ ਹੀ ਅੱਪ ਅਤੇ ਡਾਊਨ ਰੇਲ ਗੱਡੀਆਂ ਨੂੰ ਛੋਟੇ ਅਤੇ ਵੱਡੇ ਰੇਲਵੇ ਸਟੇਸ਼ਨਾਂ ਅਤੇ ਰਸਤੇ ਵਿੱਚ ਬਾਹਰੀ ਸਿਗਨਲਾਂ ’ਤੇ ਰੋਕ ਦਿੱਤਾ ਗਿਆ। ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੁਰਗਾ-ਊਧਮਪੁਰ ਐਕਸਪ੍ਰੈੱਸ (20847), ਸ਼ਾਨ-ਏ-ਪੰਜਾਬ ਐਕਸਪ੍ਰੈੱਸ (12497) ਅਤੇ ਸਰਬੱਤ ਦਾ ਭਲਾ ਐਕਸਪ੍ਰੈੱਸ (22479) ਲੁਧਿਆਣਾ ਸਟੇਸ਼ਨ ’ਤੇ ਕਰੀਬ 2 ਤੋਂ ਢਾਈ ਘੰਟੇ ਰੁਕੀਆਂ ਰਹੀਆਂ। ਉਥੇ ਹੀ ਕੁਝ ਰੇਲ ਗੱਡੀਆਂ ਨੂੰ ਟਰੈਕ ਖਾਲੀ ਹੋਣ ਤੱਕ ਬਾਹਰੀ ਸਿਗਨਲ ’ਤੇ ਰੋਕ ਦਿੱਤਾ ਗਿਆ। ਇਸ ਦੌਰਾਨ ਮੁਸਾਫਰ ਖੜ੍ਹੀਆਂ ਗੱਡੀਆਂ ਵਿੱਚ ਬੰਧਕ ਬਣੇ ਰਹੇ। ਕਿਸਾਨ ਜਥੇਬੰਦੀਆਂ ਵੱਲੋਂ ਦੁਪਹਿਰ 2.30 ਵਜੇ ਦੇ ਕਰੀਬ ਆਪਣਾ ਧਰਨਾ ਸਮਾਪਤ ਕੀਤਾ ਗਿਆ, ਜਿਸ ਮਗਰੋਂ ਪਟੜੀਆਂ ਖਾਲੀ ਹੋਈਆਂ ਤੇ ਰੋਕੀਆਂ ਗਈਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ। ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਯਾਤਰੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਰੇਲ ਲਗਪਗ ਢਾਈ ਘੰਟੇ ਦੇਰੀ ਨਾ ਚੱਲ ਰਹੀ ਹੈ।

Advertisement

ਰੇਲ ਗੱਡੀਆਂ ਰੁਕਣ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੈਟਫਾਰਮ ’ਤੇ ਖੱਜਲ ਹੁੰਦੇ ਹੋਏ ਯਾਤਰੀ। -ਫੋਟੋ: ਹਿਮਾਂਸ਼ੂ ਮਹਾਜਨ

ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਪ੍ਰੇਸ਼ਾਨ ਕਰਨਾ ਉਨ੍ਹਾਂ ਦਾ ਉਦੇਸ਼ ਨਹੀਂ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਉਨ੍ਹਾਂ ਨੂੰ ਇਹ ਸਖ਼ਤ ਤਰੀਕੇ ਅਖ਼ਤਿਆਰ ਕਰਨੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਗੱਡੀਆਂ ਦੀਆਂ ਲਾਈਨਾਂ ਜਾਮ ਕਰਨ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਸਭ ਨੂੰ ਜਾਣਕਾਰੀ ਦੇ ਦਿੱਤੀ ਸੀ।

Advertisement

ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦੇਣ ਦੀ ਮੰਗ

ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਨੂੰ ਇਨਸਾਫ਼ ਦਿਵਾਉਣ ਲਈ ਕੁਝ ਨਹੀਂ ਕੀਤਾ ਹੈ। ਸਗੋਂ ਉਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਹਾਲੇ ਤੱਕ ਜੇਲ੍ਹ ਤੋਂ ਬਾਹਰ ਘੁੰਮ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਵੇਲੇ ਮੰਨੀਆਂ ਮੰਗਾਂ ਨੂੰ ਤੁਰੰਤ ਅਮਲੀ ਰੂਪ ਦੇਵੇ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਚਾਰ ਕਿਸਾਨਾਂ ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਨੱਛਤਰ ਸਿੰਘ ਅਤੇ ਪੱਤਰਕਾਰ ਸ਼ਹੀਦ ਰਮਨ ਕਸ਼ਯਪ ਦੇ ਕਾਤਲਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ।

Advertisement
Author Image

sukhwinder singh

View all posts

Advertisement