For the best experience, open
https://m.punjabitribuneonline.com
on your mobile browser.
Advertisement

ਮਾਲ ਅਧਿਕਾਰੀਆਂ ਵੱਲੋਂ ਵਿਜੀਲੈਂਸ ਦਫ਼ਤਰ ਅੱਗੇ ਧਰਨਾ

10:18 AM Nov 29, 2024 IST
ਮਾਲ ਅਧਿਕਾਰੀਆਂ ਵੱਲੋਂ ਵਿਜੀਲੈਂਸ ਦਫ਼ਤਰ ਅੱਗੇ ਧਰਨਾ
ਬਰਨਾਲਾ ਵਿੱਚ ਵਿਜੀਲੈਂਸ ਦੇ ਦਫ਼ਤਰ ਮੂਹਰੇ ਧਰਨਾ ਦਿੰਦੇ ਹੋਏ ਮਾਲ ਅਧਿਕਾਰੀ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 28 ਨਵੰਬਰ
ਦਿ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਅੱਜ ਇਥੇ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਧਰਨੇ ’ਚ ਸੂਬੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕੱਲ੍ਹ ਵਿਜੀਲੈਂਸ ਵੱਲੋਂ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੇ ਗਏ ਤਪਾ ਦੇ ਤਹਿਸੀਲਦਾਰ ਦਾ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਦੂਜੇ ਪਾਸੇ ਤਹਿਸੀਲਦਾਰਾਂ ਦੀ ਹੜਤਾਲ ਕਾਰਨ ਕਚਹਿਰੀਆਂ ਵਿਚ ਆਪਣੇ ਕੰਮਾਂਕਾਰਾਂ ਲਈ ਆਏ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤਹਿਸੀਲਦਾਰ ਪਟਿਆਲਾ ਮਨਿੰਦਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ­ ਉਦੋਂ ਤੱਕ ਪੂਰੇ ਸੂਬੇ ’ਚ ਮਾਲ ਵਿਭਾਗ ਦੇ ਅਧਿਕਾਰੀ ਹੜਤਾਲ ’ਤੇ ਰਹਿਣਗੇ ਅਤੇ ਉਨ੍ਹਾਂ ਭਲਕੇ 29 ਨਵੰਬਰ ਨੂੰ ਵਿਜੀਲੈਂਸ ਦੇ ਮੁੱਖ ਦਫ਼ਤਰ ਮੁਹਾਲੀ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਨੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਕਿਸੇ ਨੂੰ ਵੀ ਤਹਿਸੀਲਦਾਰ ਤਪਾ ਨੂੰ ਮਿਲਣ ਤੱਕ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਤਪਾ ਤਹਿਸੀਲਦਾਰ ਵੱਲੋਂ ਤਪਾ ਕਾਨੂੰਨਗੋ ਬਲਵਿੰਦਰ ਸਿੰਘ ਖ਼ਿਲਾਫ਼ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਅੱਤਲ ਕੀਤਾ ਗਿਆ ਸੀ। ਇਸੇ ਰੰਜ਼ਿਸ ਤਹਿਤ ਤਪਾ ਤਹਿਸੀਲਦਾਰ ਨੂੰ ਵਿਜੀਲੈਂਸ ਨੇ ਸ਼ਾਜਿਸ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿਜੀਲੈਂਸ ਦੇ ਇੱਕ ਅਧਿਕਾਰੀ ਦੇ ਖ਼ਿਲਾਫ਼ ਵੀ ਦੋਸ਼ ਲਾਏ ਅਤੇ ਉਸ ਖ਼ਿਲਾਫ਼ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਕਿਸੇ ਸੀਨੀਅਰ ਆਈਏਐੱਸ ਅਧਿਕਾਰੀ ਤੋਂ ਕਰਵਾਈ ਜਾਵੇ। ਜੇ ਸਰਕਾਰ ਵੱਲੋਂ ਨਿਰਪੱਖ ਜਾਂਚ ਨਹੀਂ ਕਰਵਾਈ ਜਾਂਦੀ ਤਾਂ ਐਸੋਸੀਏਸ਼ਨ ਅਗਲਾ ਤਿੱਖਾ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਤਹਿਸੀਲਦਾਰ ਲਛਮਣ ਸਿੰਘ ਨੇ ਕਿਹਾ ਕਿ 29 ਨਵੰਬਰ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਇਜਲਾਸ ਰੱਖਿਆ ਗਿਆ ਸੀ­ ਅਤੇ ਉਸ ਇਜਲਾਸ ਨੂੰ ਤਾਰਪੀਡੋ ਕਰਨ ਦੇ ਮੰਤਵ ਨਾਲ ਸੂਬਾ ਪ੍ਰਧਾਨ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਖ਼ਿਲਾਫ਼ ਸਾਜ਼ਿਸ ਰਚੀ ਗਈ ਹੈ। ਇਨਸਾਫ਼ ਮਿਲਣ ਤੱਕ ਮਾਲ ਵਿਭਾਗ ਦਾ ਕੋਈ ਅਧਿਕਾਰੀ ਕੰਮ ਨਹੀਂ ਕਰੇਗਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਤਪਾ ’ਚ ਤਹਿਸੀਲਦਾਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਮਾਨਸਾ ਵਿਚ ਤਹਿਸੀਲਦਾਰਾਂ ਦੀ ਹੜਤਾਲ ਰਹੀ, ਜਿਸ ਕਾਰਨ ਆਮ ਲੋਕਾਂ ਨੂੰ ਕਚਹਿਰੀਆਂ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਭਾਣ ਸਿੰਘ ਬਰਨਾਲਾ ਨੇ ਕਿਹਾ ਕਿ ਬੀਤੇ ਦਿਨ ਬਰਨਾਲਾ ਦੇ ਤਹਿਸੀਲਦਾਰ ਨੂੰ ਰਿਸ਼ਵਤ ਲੈਂਦੇ ਆ ਵਿਜੀਲੈਂਸ ਵੱਲੋਂ ਰੰਗੇ ਠੀਕ ਗਿ੍ਫਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤਹਿਸੀਲਦਾਰਾਂ ਵੱਲੋਂ ਮਾਨਸਾ ਵਿੱਚ ਵੀ ਕਲਮ ਛੋੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਵਿਜੀਲੈਂਸ ਦੇ ਹੱਕ ’ਚ ਨਿੱਤਰੀਆਂ ਕਿਸਾਨ ਜਥੇਬੰਦੀਆਂ

ਕਿਸਾਨ ਯੂਨੀਅਨ ਆਗੂ ਵਿਜੀਲੈਂਸ ਦਫ਼ਤਰ ਦੇ ਬਾਹਰ ਗੱਲਬਾਤ ਕਰਦੇ ਹੋਏ।

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਕਿਸਾਨਾਂ ਨੇ ਰਿਸ਼ਵਤ ਕੇਸ ’ਚ ਤਪਾ ਤਹਿਸੀਲਦਾਰ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਦਾ ਸਮਰਥਨ ਕੀਤਾ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ, ਸੀਨੀਅਰ ਮੀਤ ਪ੍ਰਧਾਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਿੰਕਦਰ ਸਿੰਘ ਨੇ ਕਿਹਾ ਕਿ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਕਿਸਾਨ ਅਮਰੀਕ ਸਿੰਘ ਟੱਲੇਵਾਲ ਤੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ 20,000 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕਰਕੇ ਨੇ ਸ਼ਲਾਘਾ ਯੋਗ ਕੰਮ ਕੀਤਾ ਹੈ। ਅਜਿਹੀਆਂ ਕਾਰਵਾਈਆਂ ਕਰ ਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ ਜਾ ਸਕਦੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਤਹਿਸੀਲਦਾਰ ਨੂੰ ਬਚਾਉਣ ਲਈ ਰੈਵੈਨਿਊ ਅਫ਼ਸਰ ਐਸੋਸੀਏਸ਼ਨ ਨੇ ਰਾਜਸੀ ਜਾਂ ਜਨਤਕ ਦਬਾਅ ਬਣਾਏਗੀ ਤਾਂ ਕਿਸਾਨ ਜਥੇਬੰਦੀਆਂ ਪੀੜਤ ਕਿਸਾਨ ਅਮਰੀਕ ਸਿੰਘ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟੇਗੀ। ਇਸ ਮੌਕੇ ਜਗਤਾਰ ਸਿੰਘ ­ ਗੁਰਮੇਲ ਸਿੰਘ­ ਤਰਸੇਮ ਸਿੰਘ­ ਰਾਜਿੰਦਰ ਕੁਮਾਰ­ ਕਾਲਾ ਸਿੰਘ ਧੌਲਾ­ ਜਗਤਾਰ ਸਿੰਘ ਅਤਰ ਸਿੰਘ ਵਾਲਾ­ ਜਸਵਿੰਦਰ ਸਿੰਘ­ ਚਰਨਜੀਤ ਸਿੰਘ ਮੌਜੂਦ ਸਨ।

Advertisement

ਤਹਿਸੀਲਾਂ ’ਚ ਚਾਰ ਦਿਨ ਠੱਪ ਰਹੇਗਾ ਕੰਮਕਾਰ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਜੋ ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਦੇ ਪ੍ਰਧਾਨ ਹਨ, ਦੀ ਚੌਕਸੀ ਵਿਭਾਗ ਵੱਲੋਂ ਰਿਸ਼ਵਤ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਨ ’ਤੇ ਮੁਕਤਸਰ ਦੇ ਤਹਿਸੀਲਦਾਰਾਂ ਨੇ ਵੀ ਹੜਤਾਲ ਕਰ ਦਿੱਤੀ ਹੈ। ਭਲਕੇ ਰੈਵੇਨਿਊ ਅਫ਼ਸਰਾਂ ਦੀ ਸੂਬਾ ਪੱਧਰੀ ਰੈਲੀ ਹੈ ਜਿਸ ਦੌਰਾਨ ਅਗਲੀ ਰਣਨੀਤੀ ਉਲੀਕੀ ਜਾਵੇਗੀ। ਅਜਿਹੇ ਵਿੱਚ ਲਗਾਤਾਰ ਚਾਰ ਦਿਨ ਕੰਮ ਪ੍ਰਭਾਵਿਤ ਰਹੇਗਾ। ਅਗਲੇ ਦੋ ਦਿਨ ਸ਼ਨਿਚਰਵਾਰ ਤੇ ਐਤਵਾਰ ਦੀ ਛੁੱਟੀ ਹੈ। ਇਸ ਤਰ੍ਹਾਂ ਸੋਮਵਾਰ ਤੱਕ ਤਾਂ ਕੰਮ ਬੰਦ ਹੈ। ਇਸ ਤੋਂ ਬਾਅਦ ਵੀ ਜਥੇਬੰਦੀ ਦਾ ਕੀ ਫੈਸਲਾ ਹੁੰਦਾ ਹੈ, ਭਲਕੇ ਪਤਾ ਲੱਗੇਗਾ। ਅੱਜ ਦੀ ਹੜਤਾਲ ਕਰ ਕੇ ਰਜਿਸਟਰੀਆਂ ਤੇ ਹੋਰ ਕੰਮ ਨਹੀਂ ਹੋ ਸਕੇ ਜਿਸ ਕਰਕੇ ਲੋਕ ਪ੍ਰੇਸ਼ਾਨ ਹੋਏ। ਕਈਆਂ ਨੇ ਰਜਿਸਟਰੀਆਂ ਕਰਵਾਉਣ ਲਈ ਅੱਜ ਤਰੀਕਾਂ ਵੀ ਲਈਆਂ ਹੋਈਆਂ ਸਨ। ਮੁਕਤਸਰ ਤਹਿਸੀਲ ਵਿੱਚ ਕਰੀਬ 35 ਰਜਿਸਟਰੀਆਂ ਵਾਸਤੇ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ। ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਖਰੀਦਦਾਰ ਹਾਜ਼ਰ ਸਨ ਪਰ ਅਚਾਨਕ ਹੜਤਾਲ ਕਰਕੇ ਸਾਰਾ ਕੰਮ ਖ਼ਰਾਬ ਹੋ ਗਿਆ। ਉਸਨੇ ਰਜਿਸਟਰੀ ਕਰਵਾ ਕੇ ਖਰੀਦਦਾਰ ਤੋਂ ਪੈਸੇ ਲੈਣੇ ਸਨ। ਇਹ ਪੈਸੇ ਆਪਣੀ ਧੀ ਦੇ ਵਿਆਹ ਵਾਸਤੇ ਖਰਚਣੇ ਸਨ ਪਰ ਹੁਣ ਚਾਰ ਦਿਨ ਕੰਮ ਨਾ ਹੋਣ ਕਰਕੇ ਅਤੇ ਅੱਗੇ ਦੇ ਕੰਮ ਦੀ ਬੇ-ਯਕੀਨੀ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ।

Advertisement
Author Image

sukhwinder singh

View all posts

Advertisement