ਵਿਦਿਆਰਥੀ ਸੰਗਠਨਾਂ ਵੱਲੋਂ ਯੂਨੀਵਰਸਿਟੀ ਗੇਟ ਅੱਗੇ ਧਰਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਸਤੰਬਰ
ਕਈ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਵਿਦਿਆਰਥੀ ਸੰਗਠਨਾਂ ਨੇ ਅੱਜ ਜੀਐਨਡੀਯੂ ਦੇ ਮੁੱਖ ਗੇਟ ਦੇ ਬਾਹਰ ਧਰਨਾ ਦਿੱਤਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਹਾਲ ਹੀ ਵਿੱਚ ਯੂਨੀਵਰਸਿਟੀ ਨੇ ਪੀਐਚ.ਡੀ. ਕਰ ਰਹੇ ਇਕ ਵਿਦਿਆਰਥੀ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਰਾਜਨੀਤੀ ਸ਼ਾਸਤਰ ਦੇ ਇਸ ਖੋਜ ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਹ ਵਿਦਿਆਰਥੀ ਸੰਗਠਨ ਸਟੂਡੈਂਟਸ ਫਾਰ ਸੁਸਾਇਟੀ ਦਾ ਮੈਂਬਰ ਵੀ ਹੈ ਅਤੇ ਉਸ ਨੇ ਹਾਲ ਹੀ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਕਈ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਜਿਸ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਦੌਰਾਨ ਕਿਸਾਨ ਜਥੇਬੰਦੀ ਨੇ ਵੀ ਇਸ ਧਰਨੇ ਨੂੰ ਸਮਰਥਨ ਦਿੱਤਾ ਹੈ ਅਤੇ ਵਿਦਿਆਰਥੀ ਦੇਰ ਸ਼ਾਮ ਤੱਕ ਧਰਨੇ ’ਤੇ ਬੈਠੇ ਰਹੇ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਤਿੱਖੀ ਤਕਰਾਰ ਵੀ ਹੋਈ ਸੀ ਜਿਸ ਨੂੰ ਬਾਅਦ ਵਿੱਚ ਮੀਟਿੰਗ ਰਾਹੀਂ ਹੱਲ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਲਾਅ ਦੀ ਵਿਦਿਆਰਥਣ ’ਤੇ ਲਗਾਏ ਗਏ ਜੁਰਮਾਨੇ ਨੂੰ ਵਾਪਸ ਲੈਣ, ਵਿਜੇ ਕੁਮਾਰ ਦੀ ਫੁੱਲ ਟਾਈਮ ਪੀਐੱਚਡੀ ਨੂੰ ਪਾਰਟ ਟਾਈਮ ਵਿੱਚ ਬਦਲਣ ਦੇ ਯੂਨੀਵਰਸਿਟੀ ਦੇ ਫੈਸਲੇ ਨੂੰ ਵਾਪਸ ਲੈਣ, ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਪਾਵਰ ਜਨਰੇਟਰ ਦੀ ਵਿਵਸਥਾ ਸਮੇਤ ਹੋਰ ਮੰਗਾ ਨੂੰ ਉਭਾਰਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਮੀਟਿੰਗ ਲਈ ਸੱਦਾ ਵੀ ਦਿੱਤਾ ਪਰ ਮੀਟਿੰਗ ਬੇਸਿੱਟਾ ਰਹੀ। ਅੱਜ ਦੇ ਧਰਨੇ ਵਿੱਚ ਐਸ.ਐਫ.ਐਸ., ਪੀ.ਐਸ.ਯੂ. (ਲਲਕਾਰ), ਸੱਥ, ਬੀ.ਕੇ.ਯੂ. ਕ੍ਰਾਂਤੀਕਾਰੀ (ਪੰਜਾਬ), ਕਿਰਤੀ ਕਿਸਾਨ ਯੂਨੀਅਨ, ਲੋਕ ਸੰਗਰਾਮ ਮੋਰਚਾ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ।