For the best experience, open
https://m.punjabitribuneonline.com
on your mobile browser.
Advertisement

ਪੀਐੱਸਆਈਈਸੀ ਮੁਲਾਜ਼ਮਾਂ ਵੱਲੋਂ ਉਦਯੋਗ ਭਵਨ ਅੱਗੇ ਧਰਨਾ

09:08 AM Apr 30, 2024 IST
ਪੀਐੱਸਆਈਈਸੀ ਮੁਲਾਜ਼ਮਾਂ ਵੱਲੋਂ ਉਦਯੋਗ ਭਵਨ ਅੱਗੇ ਧਰਨਾ
ਕੰਮ ਦਾ ਬਾਈਕਾਟ ਕਰ ਕੇ ਉਦਯੋਗ ਭਵਨ ਵਿੱਚ ਇਕੱਠੇ ਹੋਏ ਮੁਲਾਜ਼ਮ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 29 ਅਪਰੈਲ
ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਦੇ ਮੁਲਾਜ਼ਮਾਂ ਵੱਲੋਂ ਅੱਜ ਸਟਾਫ਼ ਐਸੋਸੀਏਸ਼ਨ ਦੇ ਸੱਦੇ ਉਤੇ ਆਪਣੇ ਦਫ਼ਤਰਾਂ ਵਿੱਚ ਕੰਮ-ਕਾਜ ਦਾ ਬਾਈਕਾਟ ਕਰਕੇ ਪੂਰਾ ਦਿਨ ਉਦਯੋਗ ਭਵਨ ਸੈਕਟਰ-17 ਵਿਖੇ ਧਰਨਾ ਦਿੱਤਾ ਗਿਆ ਜਿਸ ਨੂੰ ਅਫ਼ਸਰ ਐਸੋਸੀਏਸ਼ਨ ਵੱਲੋਂ ਵੀ ਹਮਾਇਤ ਦਿੱਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ, ਹਰਕੇਸ਼ ਰਾਣਾ, ਬਲਵੰਤ ਸਿੰਘ, ਰਣਜੋਧ ਸਿੰਘ, ਰਣਦੀਪ ਸਿੰਘ ਨੇ ਦੋਸ਼ ਲਾਇਆ ਕਿ ਨਿਗਮ ਵਿੱਚ ਨੌਕਰਸ਼ਾਹੀ ਨੇ ਆਪਣੇ ਚਹੇਤਿਆਂ ਨੂੰ ਲਿਆ ਕੇ ਨਿਗਮ ਦੀਆਂ ਪ੍ਰਮੁੱਖ ਅਸਾਮੀਆਂ ’ਤੇ ਤਾਇਨਾਤ ਕੀਤਾ ਹੋਇਆ ਹੈ। ਇਹ ਅਧਿਕਾਰੀ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਅਤੇ ਨਿਗਮ ਦੇ ਹਿੱਤ ਵਿੱਚ ਕੋਈ ਫ਼ੈਸਲਾ ਲੈਣ ਵਿੱਚ ਬੇਲੋੜੀ ਦੇਰੀ ਕਰਦੇ ਹਨ। ਅਜਿਹੇ ਕਾਰਨਾਂ ਕਰਕੇ ਨਿਗਮ ਦੇ ਵੱਖ-ਵੱਖ ਵਿੰਗਾਂ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ। ਡੈਪੂਟੇਸ਼ਨ ’ਤੇ ਆਏ ਅਧਿਕਾਰੀਆਂ ਕੋਲ ਹੋਰ ਮਹਿਕਮਿਆਂ ਦੇ ਵੀ ਚਾਰਜ ਹੋਣ ਕਰਕੇ ਉਹ ਪੀਐੱਸਆਈਈਸੀ ਦੇ ਕੰਮਾਂ ਵੱਲ ਲੋੜੀਂਦਾ ਧਿਆਨ ਹੀ ਨਹੀਂ ਦਿੰਦੇ। ਇਸ ਦੇ ਉਲਟ ਨਿਗਮ ਦੇ ਆਪਣੇ ਅਧਿਕਾਰੀਆਂ ਦੀਆਂ ਫਾਈਲਾਂ ਵੀ ਡੈਪੂਟੇਸ਼ਨ ਵਾਲੇ ਅਧਿਕਾਰੀਆਂ ਰਾਹੀਂ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਫ਼ਸਰਾਂ ਦੀਆਂ ਅਜਿਹੀਆਂ ਅਣਗਹਿਲੀਆਂ ਕਰਕੇ ਨਿਗਮ ਦੀ ਮਾਲੀ ਹਾਲਤ ਵੀ ਨਿੱਘਰ ਰਹੀ ਹੈ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਨਿਗਮ ਜਲਦੀ ਹੀ ਦੀਵਾਲੀਆ ਹੋ ਜਾਵੇਗਾ। ਇਸ ਮੌਕੇ ਪ੍ਰਧਾਨ ਦੀਪਾ ਰਾਮ ਵੀ ਮੌਜੂਦ ਸੀ।

Advertisement

ਸਟਾਫ਼ ਐਸੋਸੀਏਸ਼ਨ ਦੀਆਂ ਮੰਗਾਂ

ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਨਿਗਮ ਦੇ ਕੰਮ-ਕਾਜ ’ਤੇ ਲਗਾਈਆਂ ਰੋਕਾਂ ਹਟਾਉਣਾ, ਡੈਪੂਟੇਸ਼ਨ ’ਤੇ ਲਏ ਅਧਿਕਾਰੀਆਂ ਨੂੰ ਵਾਪਸ ਭੇਜਣਾ, ਮੁਅੱਤਲ ਕੀਤੇ ਤਿੰਨ ਅਫ਼ਸਰਾਂ/ਕਰਮਚਾਰੀਆਂ ਦੀ ਮੁਅੱਤਲੀ ਵਾਪਸ ਲੈਣਾ, ਸੇਵਾਮੁਕਤ ਮੁਲਾਜ਼ਮਾਂ ਦੇ ਰੋਕੇ ਹੋਏ ਬਕਾਏ ਜਾਰੀ ਕਰਨਾ, ਵਿਜੀਲੈਂਸ ਵੱਲੋਂ ਮੁਲਾਜ਼ਮਾਂ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ’ਤੇ ਰੋਕ ਲਾਉਣਾ ਅਤੇ ਨਿਗਮ ਵਿੱਚ ਸਿੱਧੀ ਭਰਤੀ ਕਰਨਾ ਆਦਿ ਸ਼ਾਮਲ ਹਨ।

Advertisement
Author Image

Advertisement
Advertisement
×