For the best experience, open
https://m.punjabitribuneonline.com
on your mobile browser.
Advertisement

ਕਲਾਰ ਵਾਸੀਆਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ

10:19 PM Jun 29, 2023 IST
ਕਲਾਰ ਵਾਸੀਆਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ
Advertisement

ਹਰਜੀਤ ਸਿੰਘ ਪਰਮਾਰ

Advertisement

ਬਟਾਲਾ, 23 ਜੂਨ

ਪਿੰਡ ਕਲਾਰ ਵਾਸੀਆਂ ਨੇ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ‘ਤੇ ਹਮਲੇ ਦੇ ਕੇਸ ਨੂੰ ਰੱਦ ਕਰਨ ਦਾ ਦੋਸ਼ ਲਾਉਂਦਿਆਂ ਅੱਜ ਇੱਥੇ ਐੱਸਐਸਪੀ ਦਫ਼ਤਰ ਸਾਹਮਣੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਥਾਣਾ ਮੁਖੀ ‘ਤੇ ਫਰਜ਼ੀ ਦਸਤਖ਼ਤ ਕਰਕੇ ਕੇਸ ਕਥਿਤ ਰੱਦ ਕਰਨ ਦੇ ਦੋਸ਼ ਲਾਏ। ਉਨ੍ਹਾਂ ਨੇ ਥਾਣਾ ਮੁਖੀ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

ਐਡਵੋਕੇਟ ਸਤਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਵਿੱਚ ਉਸ ਦੇ ਪਰਿਵਾਰ ‘ਤੇ ਕੁੱਝ ਵਿਅਕਤੀਆਂ ਨੇ ਹਮਲਾ ਕੀਤਾ ਸੀ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੀ ਪੁਲੀਸ ਨੇ ਹਮਲਾਵਰਾਂ ਖਿਲਾਫ਼ ਆਈਪੀਸੀ ਦੀ ਧਾਰਾ 452 ਤਹਿਤ ਮੁਕੱਦਮਾ ਦਰਜ ਕੀਤਾ ਸੀ ਪਰ ਜਦੋਂ ਉਕਤ ਥਾਣੇ ਵਿੱਚ ਲਖਵਿੰਦਰ ਸਿੰਘ ਥਾਣਾ ਮੁਖੀ ਵਜੋਂ ਆਇਆ ਤਾਂ ਉਸ ਵੱਲੋਂ ਉਕਤ ਕੇਸ ਵਿੱਚ ਜਾਂਚ ਅਧਿਕਾਰੀ ਦੇ ਖੁਦ ਦਸਤਖ਼ਤ ਕਰਕੇ ਕੇਸ ਵਿੱਚੋਂ ਧਾਰਾ 452 ਹਟਾ ਕੇ ਕੇਸ ਨੂੰ ਕਥਿਤ ਕਮਜ਼ੋਰ ਕਰ ਦਿੱਤਾ। ਉਨ੍ਹਾਂ ਥਾਣਾ ਮੁਖੀ ਲਖਵਿੰਦਰ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਡੀਐੱਸਪੀ ਸਿਟੀ ਲਲਿਤ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਵਾ ਕੇ ਕਸੂਰਵਾਰ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ, ਜਗਰੂਪ ਸਿੰਘ ਕੁਲਾਰ, ਸਾਬਕਾ ਸਰਪੰਚ ਬਲਦੇਵ ਸਿੰਘ, ਗੁਰਨਿੰਦਰ ਸਿੰਘ, ਮਨਜਿੰਦਰ ਸਿੰਘ ਆਦਿ ਮੌਜੂਦ ਸਨ।

ਦੋ ਨੌਜਵਾਨਾਂ ਨੇ ਪੁਲੀਸ ‘ਤੇ ਕੁੱਟਮਾਰ ਦੇ ਦੋਸ਼ ਲਾਏ

ਪੱਟੀ (ਬੇਅੰਤ ਸਿੰਘ ਸੰਧੂ): ਪਿੰਡ ਪ੍ਰਿਗੜੀ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨਾਂ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਬੋਹੜ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਥਾਣਾ ਸਿਟੀ ਪੱਟੀ ਦੇ ਮੁੱਖੀ ਤੇ ਹੋਰ ਪੁਲੀਸ ਮੁਲਾਜ਼ਮਾਂ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ। ਪੀੜਤਾਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਨਸ਼ੇ ਦੀ ਆੜ ਹੇਠ ਬਿਨਾ ਕਿਸੇ ਜਾਂਚ-ਪੜਤਾਲ ਦੇ ਬੀਤੇ ਵੀਰਵਾਰ ਦੇਰ ਸ਼ਾਮ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਅੱਜ ਇਨਸਾਫ਼ ਲਈ ਐੱਸਐੱਸਪੀ ਦਫ਼ਤਰ ਤਰਨ ਤਾਰਨ ਗਏ ਤਾਂ ਪੁਲੀਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਦਫ਼ਤਰ ਦੇ ਬਾਹਰੋਂ ਹੀ ਮੋੜ ਦਿੱਤਾ। ਮੀਡੀਆਂ ਨੂੰ ਸੱਟਾਂ ਦਿਖਾਉਂਦਿਆਂ ਸਤਨਾਮ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਦਾ ਮੋਟਰਸਾਈਕਲ ਤੇ ਕੁਝ ਨਕਦੀ ਵੀ ਵਾਪਸ ਨਹੀਂ ਕੀਤੀ ਗਈ। ਪੁਲੀਸ ਥਾਣਾ ਸਿਟੀ ਪੱਟੀ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਹਿਰ ਦੀ ਸੈਂਸੀਆਂ ਬਸਤੀ ਅੰਦਰ ਕੁਝ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਨੇ ਉਨ੍ਹਾਂ ਨੂੰ ਬਚਾਅ ਕਿ ਥਾਣੇ ਲਿਆਂਦਾ ਤੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਅਜੇ ਪੁਲੀਸ ਕੋਲ ਹੈ ਜਿਸ ਨੂੰ ਉਹ ਲੈਣ ਨਹੀਂ ਆਏ।

Advertisement
Tags :
Advertisement
Advertisement
×