ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਥਾਣੇ ਅੱਗੇ ਧਰਨਾ
ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 15 ਅਕਤੂਬਰ
ਇੱਥੇ ਜ਼ੀਰਾ-ਮਖੂ ਸੜਕ ’ਤੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਵਿੱਚ ਨੌਜਵਾਨ ਦੀ ਮੌਤ ਸਬੰਧੀ ਕੇਸ ਦਰਜ ਨਾ ਕਰਨ ਦੇ ਰੋਸ ਵਜੋਂ ਅੱਜ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਸਿਟੀ ਜ਼ੀਰਾ ਦੇ ਗੇਟ ਅੱਗੇ ਰੋਸ ਧਰਨਾ ਦੇ ਕੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਮਜ਼ਦੂਰ ਗੁਰਪ੍ਰੀਤ ਸਿੰਘ (29) ਪੁੱਤਰ ਜੱਗਾ ਸਿੰਘ ਵਾਸੀ ਬਸਤੀ ਮਣਸੀਆਂ ਜ਼ੀਰਾ ਜੋ ਕਿ ਪਿੰਡ ਸੋਢੀਵਾਲਾ ਵਿੱਚ ਆਲੂ ਸਟੋਰ ਵਿੱਚ ਕੰਮ ਕਰਦਾ ਸੀ। 11 ਅਕਤੂਬਰ ਨੂੰ ਉਹ ਆਪਣੇ ਦੋਸਤ ਕਾਲਾ ਸਿੰਘ ਨੂੰ ਕੰਮ ਤੋਂ ਉਸ ਦੇ ਘਰ ਮਖੂ ਛੱਡਣ ਗਿਆ ਤਾਂ ਵਾਪਸ ਆਉਂਦੇ ਸਮੇਂ ਰਾਤ 10 ਵਜੇ ਦੇ ਕਰੀਬ ਜ਼ੀਰਾ-ਮਖੂ ਸੜਕ ’ਤੇ ਸਤਿਸੰਗ ਘਰ ਦੇ ਨਜ਼ਦੀਕ ਗਲਤ ਪਾਸੇ ਤੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਸ ਦੌਰਾਨ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮਿਤੀ 13 ਅਕਤੂਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਕਿਸਾਨ ਆਗੂਆਂ ਅਨੁਸਾਰ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੈ।ਕਿਸਾਨ ਆਗੂਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਡੀਐੱਸਪੀ ਜ਼ੀਰਾ ਗੁਰਦੀਪ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਥਾਣੇਦਾਰ ਬਲਵਿੰਦਰ ਸਿੰਘ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਥਾਣਾ ਸਿਟੀ ਜ਼ੀਰਾ ਪੁਲੀਸ ਮਾਮਲਾ ਦਰਜ ਕਰਨ ਦੀ ਜਗ੍ਹਾ ਟਾਲ ਮਟੋਲ ਕਰ ਰਹੀ, ਜਿਸ ਦੇ ਰੋਸ ਵਜੋਂ ਅੱਜ ਜਥੇਬੰਦੀ ਨੂੰ ਰੋਸ ਧਰਨਾ ਲਗਾਉਣਾ ਪਿਆ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਪਰਿਵਾਰ ਵਿੱਚ ਛੇ ਮਹੀਨੇ ਦੀ ਗਰਭਵਤੀ ਪਤਨੀ ਅਤੇ ਢਾਈ ਸਾਲ ਦੀ ਬੇਟੀ ਹੈ। ਦੂਜੇ ਪਾਸੇ ਧਰਨੇ ਦੌਰਾਨ ਜ਼ੀਰਾ ਪੁਲੀਸ ਨੇ ਮਾਮਲਾ ਦਰਜ ਕਰ ਲਿਆ, ਜਿਸ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਚਿਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਨੌਜਵਾਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ।