ਵਿਆਹੁਤਾ ਨੂੰ ਇਨਸਾਫ਼ ਦਿਵਾਉਣ ਲਈ ਥਾਣੇ ਅੱਗੇ ਧਰਨਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਸਤੰਬਰ
ਸਹੁਰੇ ਪਰਿਵਾਰ ਤੋਂ ਪੀੜਤ ਪਿੰਡ ਲਹਿਲ ਖੁਰਦ ਦੀ ਲੜਕੀ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਲਹਿਰਾਗਾਗਾ ਦਾ ਮੋਰਚਾ ਪੁਲੀਸ ਸਟੇਸ਼ਨ ਅੱਗੇ ਛੇਵੇਂ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੂੰ ਇਨਸਾਫ ਦੇਣ ’ਚ ਦੇਰੀ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੇ ਮਨਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਹ ਵਧ ਰਿਹਾ ਹੈ।
ਅੱਜ ਧਰਨੇ ਨੂੰ ਬੀਕੇਯੂ (ਉਗਰਾਹਾਂ) ਦੇ ਮੋਰਚੇ ਵਿਚ ਪਹੁੰਚੇ ਤਕਰੀਬਨ 30 ਪਿੰਡਾਂ ਦੇ ਇਕਾਈ ਪ੍ਰਧਾਨਾਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਪਿੰਡਾਂ ਦੀਆਂ ਸੱਥਾਂ ਵਿਚ ਪ੍ਰਸ਼ਾਸਨ ਦੀ ਨਾਲਾਇਕੀ ਉਜਾਗਰ ਕਰ ਰਹੇ ਹਨ। ਲਾਮਬੰਦੀ ਹੋਰ ਜ਼ੋਰਾਂ ਨਾਲ ਸ਼ੂਰੂ ਕਰ ਦਿੱਤੀ ਹੈ। ਮੋਰਚੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੋਰਚਾ ਪੀੜਤ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਤੱਕ ਹਰ ਹੀਲੇ ਜਾਰੀ ਰੱਖਿਆ ਜਾਵੇਗਾ ਅਤੇ ਉਹ ਦਿਨ ਰਾਤ ਮੋਰਚੇ ਵਿੱਚ ਡਟੇ ਰਹਿਣਗੇ। ਅੱਜ ਦੇ ਮੋਰਚੇ ਨੂੰ ਬਲਾਕ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ, ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਕਰਨੈਲ ਗਨੋਟਾ, ਰਾਮ ਸਿੰਘ ਨੰਗਲਾ, ਹਰਸੇਵਕ ਸਿੰਘ ਲਹਿਲ ਖੁਰਦ, ਸਰਬਜੀਤ ਸ਼ਰਮਾ, ਪ੍ਰੀਤਮ ਸਿੰਘ ਲਹਿਲ ਕਲਾ, ਸੁਰੇਸ਼ ਕੁਮਾਰ ਕਾਲਬੰਜਾਰਾ, ਦਰਸ਼ਨ ਸਿੰਘ ਕੋਟੜਾ ਲਹਿਲ, ਕਰਮਜੀਤ ਕੌਰ ਭੁਟਾਲ ਕਲਾਂ, ਪਰਮਜੀਤ ਕੌਰ ਗਾਗਾ ਤੇ ਬਲਜੀਤ ਕੌਰ ਲਹਿਲ ਕਲਾਂ ਆਦਿ ਬਲਾਕ ਆਗੂਆਂ ਨੇ ਸੰਬੋਧਨ ਕੀਤਾ।