ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਥਾਣੇ ਅੱਗੇ ਧਰਨਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਕਤੂਬਰ
ਪਿੰਡ ਬਲਿਆਲ ਵਿੱਚ ਇੱਕ ਘਰ ਉੱਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਅੱਜ ਇੱਥੇ ਸੀਪੀਆਈ (ਐੱਮ) ਦੀ ਅਗਵਾਈ ਹੇਠ ਥਾਣੇ ਅੱਗੇ ਧਰਨਾ ਦਿੱਤਾ ਗਿਆ। ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾ. ਭੂਪ ਚੰਦ ਚੰਨੋਂ ਨੇ ਕਿਹਾ ਕਿ ਸਰਕਾਰ ਬਦਲਣ ਦੇ ਬਾਵਜੂਦ ਪੁਲੀਸ ਅਤੇ ਪ੍ਰਸ਼ਾਸਨਿਕ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ 26 ਸਤੰਬਰ ਸ਼ਾਮ ਸਮੇਂ ਪਿੰਡ ਬਲਿਆਲ ਦੇ ਕੁਝ ਸ਼ਰਾਰਤੀ ਨੌਜਵਾਨਾਂ ਵੱਲੋਂ ਪਿੰਡ ਵਾਸੀ ਕ੍ਰਿਸ਼ਨ ਰਾਮ ਅਤੇ ਕਾਮਰੇਡ ਗੁਰਮੀਤ ਸਿੰਘ ਪੰਚ ਦੇ ਘਰ ’ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਵਿੱਚ ਡਰ ਦਾ ਮਾਹੌਲ ਬਣ ਹੈ।
ਕਾ. ਚੰਨੋਂ ਨੇ ਦੋਸ਼ ਲਾਇਆ ਕਿ ਇਸ ਸਬੰਧੀ 27 ਸਤੰਬਰ ਨੂੰ ਥਾਣੇ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ ਅੱਜ ਤੱਕ ਪੁਲੀਸ ਨੇ ਹਮਲਾਵਰਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸਦੇ ਰੋਸ ਵਜੋਂ ਅੱਜ ਥਾਣੇ ਅੱਗੇ ਧਰਨਾ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਮਲਾਵਰਾਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਡਿਊਟੀ ਅਫ਼ਸਰ ਏਐੱਸਆਈ ਜਰਨੈਲ ਸਿੰਘ ਵੱਲੋਂ ਹਮਲਾਵਰਾਂ ਨੂੰ ਕੱਲ੍ਹ ਤੱਕ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਧਰਨੇ ਨੂੰ ਸੁਰਿੰਦਰ ਸਿੰਘ ਚੀਮਾ ਸਕੱਤਰ, ਰੰਗੀ ਖਾਨ ਸੁਨਾਮ, ਦਵਿੰਦਰ ਸਿੰਘ ਨੂਰਪੁਰਾ, ਅਵਤਾਰ ਸਿੰਘ ਬਲਿਆਲ, ਹਰਬੰਸ ਸਿੰਘ, ਬਲਵੀਰ ਸਿੰਘ ਭਵਾਨੀਗੜ੍ਹ, ਤਰਸੇਮ ਕੌਰ ਰਾਏ ਸਿੰਘ ਵਾਲਾ, ਪੰਮੀ ਕੌਰ ਭੱਟੀਵਾਲ ਅਤੇ ਗੁਰਲਾਲ ਸਿੰਘ ਨੇ ਵੀ ਸੰਬੋਧਨ ਕੀਤਾ।