ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੁਲੀਸ ਥਾਣੇ ਅੱਗੇ ਧਰਨਾ
ਮਹਿਲ ਕਲਾਂ: ਇੱਕ ਹਫਤਾ ਪਹਿਲਾਂ ਸੜਕ ਹਾਦਸੇ ਕਾਰਨ ਪਿੰਡ ਗੁੰਮਟੀ ਦੇ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਲਈ ਅੱਜ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੁਲੀਸ ਥਾਣਾ ਠੁੱਲੀਵਾਲ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਪਰਮਜੀਤ ਕੌਰ ਗੁੰਮਟੀ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਆਦਿ ਨੇ ਪਿੰਡ ਗੁੰਮਟੀ ਦੇ ਕਿਸਾਨ ਅਜੈਬ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਮੋਟਰਸਾਇਕਲ ਦੀ ਕਥਿਤ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਗੰਭੀਰ ਰੂਪ ‘ਚ ਜ਼ਖਮੀ ਹੋਏ ਅਜੈਬ ਸਿੰਘ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਨੂੰ ਇਤਲਾਹ ਦਿੱਤੇ ਜਾਣ ਦੇ ਬਾਵਜੂਦ ਵੀ ਕੋਈ ਪੁਲੀਸ ਅਧਿਕਾਰੀ ਅਜੈਬ ਸਿੰਘ ਦੇ ਬਿਆਨ ਦਰਜ ਕਰਨ ਨਹੀਂ ਗਿਆ। ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਾਹਲ ਵੱਲੋਂ ਧਰਨੇ ‘ਚ ਪੁੱਜ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤੇ ਜਾਣ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। -ਪੱਤਰ ਪ੍ਰੇਰਕ