For the best experience, open
https://m.punjabitribuneonline.com
on your mobile browser.
Advertisement

ਤਾਰਾਗੜ੍ਹ ਪੁਲੀਸ ਦੀਆਂ ਜ਼ਿਆਦਤੀਆਂ ਖ਼ਿਲਾਫ਼ ਥਾਣੇ ਅੱਗੇ ਧਰਨਾ

06:37 AM Jul 31, 2024 IST
ਤਾਰਾਗੜ੍ਹ ਪੁਲੀਸ ਦੀਆਂ ਜ਼ਿਆਦਤੀਆਂ ਖ਼ਿਲਾਫ਼ ਥਾਣੇ ਅੱਗੇ ਧਰਨਾ
ਥਾਣੇ ਮੂਹਰੇ ਲਾਏ ਗਏ ਧਰਨੇ ਦੀ ਝਲਕ। -ਫੋਟੋ:ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 30 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪਠਾਨਕੋਟ ਵੱਲੋਂ ਤਾਰਾਗੜ੍ਹ ਪੁਲੀਸ ਦੀਆਂ ਜ਼ਿਆਦਤੀਆਂ ਖਿਲਾਫ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਬਲਵਿੰਦਰ ਸਿੰਘ, ਅਜੀਤ ਸਿੰਘ ਮਾਜਰਾ, ਜਸਪਾਲ ਸਿੰਘ ਢੋਲੋਵਾਲ, ਅਵਤਾਰ ਸਿੰਘ, ਭਲਵਾਨ ਸਿੰਘ, ਸਲਵਿੰਦਰ ਕੌਰ ਸਿੰਮੀ ਸ਼ਾਦੀਪੁਰ, ਸਵਰਨ ਸਿੰਘ ਬੈਰਮਪੁਰ ਅਤੇ ਹਰਦੀਪ ਸਿੰਘ ਆਦਿ ਸ਼ਾਮਲ ਹੋਏ।
ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਅਤੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਦੋਸ਼ ਲਗਾਇਆ ਕਿ ਤਾਰਾਗੜ੍ਹ ਦੀ ਪੁਲੀਸ ਲਗਾਤਾਰ ਤੰਗ, ਪ੍ਰੇਸ਼ਾਨ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਜਰਾ ਪਿੰਡ ਦੇ ਬਲਵਿੰਦਰ ਸਿੰਘ ਸਮੇਤ 9 ਵਿਅਕਤੀਆਂ ਉੱਪਰ ਸੋਲਰ ਪਲੇਟਾਂ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਦ ਕਿ ਅਜੇ ਸੋਲਰ ਪਲੇਟਾਂ ਖਰੀਦੀਆਂ ਹੀ ਨਹੀਂ ਗਈਆਂ। ਇਸੇ ਤਰ੍ਹਾਂ ਬਲਵਿੰਦਰ ਸ਼ਰਮਾ ਪਿੰਡ ਰਤਨਗੜ੍ਹ ਜੋ 2 ਮਹੀਨੇ ਪਹਿਲਾਂ 12 ਅਪਰੈਲ ਨੂੰ ਤਾਰਾਗੜ੍ਹ ਦੇ ਜਾਮਨੂੰ ਚੌਕ ਵਿੱਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਉਪਰ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਸ ਦਾ ਸਿਰ ਪਾੜ ਦਿੱਤਾ ਤੇ ਉਸ ਦੇ 14 ਟਾਂਕੇ ਲੱਗੇ ਪਰ ਅਜੇ ਤੱਕ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਉਲਟਾ ਬਲਵਿੰਦਰ ਸ਼ਰਮਾ ਉਪਰ ਹੀ ਪਰਚਾ ਦਰਜ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਪਿੰਡ ਖਿਆਲਾ ਵਿੱਚ ਜੋਗਿੰਦਰ ਸਿੰਘ ਸਲਾਰੀਆ ਨੇ ਆਪਣੇ ਵੱਡੇ ਭਰਾ ਦਲਵੀਰ ਸਿੰਘ ਦੀ ਹਵੇਲੀ ’ਤੇ ਕਬਜ਼ਾ ਕੀਤਾ ਤੇ ਉਸ ਦੇ ਮਜ਼ਦੂਰਾਂ ਨਾਲ ਕੁੱਟਮਾਰ ਕੀਤੀ ਪਰ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਢੋਲੋਵਾਲ ਦਾ ਕਿਸਾਨ ਜਸਪਾਲ ਸਿੰਘ ਆਪਣੀ ਹੀ ਪੈਲੀ ਵਿੱਚੋਂ ਹਨੇਰੀ ਨਾਲ ਡਿੱਗੇ ਦਰਖਤ ਕੱਟ ਕੇ ਲਿਜਾ ਰਿਹਾ ਸੀ ਤਾਂ ਉਸ ਨੂੰ ਹਿਰਾਸਤ ਵਿੱਚ ਲੈ ਕੇ ਲੱਕੜ ਥਾਣੇ ਡੱਕ ਲਈ ਗਈ। ਪਿੰਡ ਖਿਆਲਾ ਦੇ ਹਰਪਾਲ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਉਪਰ ਉਨ੍ਹਾਂ ਦੀ ਆਪਣੀ ਬੀਜੀ ਹੋਈ ਫਸਲ ਵੱਢਣ ਦਾ ਝੂਠਾ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਇਹ ਧਰਨਾ ਜਾਰੀ ਰਹੇਗਾ।

Advertisement
Advertisement
Author Image

sukhwinder singh

View all posts

Advertisement