ਫਾਇਨਾਂਸ ਕੰਪਨੀ ਦੇ ਦਫ਼ਤਰ ਸਾਹਮਣੇ ਧਰਨਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਨੇ ਵਿਧਵਾ ਔਰਤ ਵੱਲੋਂ ਗਹਿਣੇ ਰੱਖਿਆ ਸੋਨਾ ਹੜੱਪਣ ਦੇ ਦੋਸ਼ਾਂ ਤਹਿਤ ਸੋਨੇ ਉੱਤੇ ਕਰਜ਼ਾ ਦੇਣ ਵਾਲੀ ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਬਲਾਕ ਆਗੂ ਸਤਪਾਲ ਸਿੰਘ ਹਰੀਗੜ੍ਹ ਦੀ ਅਗਵਾਈ ਵਿਚ ਧਰਨਾ ਦਿੱਤਾ। ਇਸ ਦੌਰਾਨ ਇਕੱਤਰ ਲੋਕਾਂ ਵੱਲੋਂ ਕੰਪਨੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਔਰਤ ਨੂੰ ਇਨਸਾਫ਼ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਹਰੀਗੜ੍ਹ ਦੀ ਵਿਧਵਾ ਹਰਜੀਤ ਕੌਰ ਨੇ ਕੰਪਨੀ ਕੋਲੋਂ 20 ਤੋਲੇ ਸੋਨਾ ਗਹਿਣੇ ਰੱਖ ਕੇ ਪੰਜ ਲੱਖ ਰੁਪਏ ਕਰਜ਼ਾ ਲਿਆ ਸੀ। ਕੰਪਨੀ ਨੇ 11 ਲੱਖ 73 ਹਜ਼ਾਰ ਵਿਆਜ ਸਣੇ ਬਣਾ ਦਿੱਤਾ ਹੈ ਜਦੋਂਕਿ ਔਰਤ ਸਾਢੇ ਚਾਰ ਲੱਖ ਰੁਪਏ ਵਿਆਜ ਭਰ ਚੁੱਕੀ ਹੈ। ਅਜੇ ਵੀ ਕੰਪਨੀ ਵੱਲੋਂ ਕਰਜ਼ਾ ਭਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤ ਬਣਦੀ ਰਕਮ ਭਰਨ ਲਈ ਤਿਆਰ ਹੈ ਪਰ ਸੋਨੇ ਨੂੰ ਦੱਬਣ ਦੀ ਨੀਅਤ ਨਾਲ ਕੰਪਨੀ ਅਧਿਕਾਰੀਆਂ ਵੱਲੋਂ ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ। ਜਥੇਬੰਦੀ ਦੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਪ੍ਰਾਈਵੇਟ ਬੈਂਕ ਸਰਕਾਰ ਦੀ ਸ਼ਹਿ ਨਾਲ ਮਨ ਮਰਜ਼ੀ ਦਾ ਵਿਆਜ ਵਸੂਲਦੇ ਹਨ। ਉਨ੍ਹਾਂ ਕਿਹਾ ਹੈ ਕਿ ਦਿਨੋ-ਦਿਨ ਕਰਜ਼ੇ ਦੀ ਮਾਰ ਲੋਕਾਂ ’ਤੇ ਭਾਰੂ ਹੁੰਦੀ ਜਾ ਰਹੀ ਹੈ।
ਇਸ ਮੌਕੇ ਹਰਵਿੰਦਰ ਸਿੰਘ ਹਨੀ, ਜਸਪ੍ਰੀਤ ਸਿੰਘ ਬੱਬੂ ਹਰੀਗੜ੍ਹ, ਬਲਵਿੰਦਰ ਸਿੰਘ, ਨਿਰਭੈ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ ਘੱਗਾ, ਛਿੰਦਰ ਸਿੰਘ, ਗੁਰਜਿੰਦਰ ਸਿੰਘ ਸਧਾਰਨਪੁਰ, ਕੁਲਦੀਪ ਸਿੰਘ ਬਰਾਸ ਆਦਿ ਹਾਜ਼ਰ ਸਨ।