ਮਜ਼ਦੂਰਾਂ ਦੀਆਂ ਮੰਗਾਂ ਬਾਰੇ ਕਿਰਤ ਵਿਭਾਗ ਦਫ਼ਤਰ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਸਤੰਬਰ
ਸੀਟੀਯੂ ਪੰਜਾਬ ਦੇ ਬੈਨਰ ਹੇਠ ਲਾਲ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਕਿਰਤ ਵਿਭਾਗ ਦੇ ਦਫ਼ਤਰ ਬਾਹਰ ਰੋਸ ਧਰਨਾ ਦੇ ਕੇ ਸਹਾਇਕ ਕਿਰਤ ਕਮਿਸ਼ਨਰ ਸਰਬਜੋਤ ਸਿੰਘ ਸੰਧੂ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
ਇਸ ਮੌਕੇ ਜਗਦੀਸ਼ ਚੰਦ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਜ਼ਦੂਰ ਮਾਰੂ ਨੀਤੀਆਂ ਅਪਣਾ ਕੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਐੱਨਡੀਏ ਦੀ ਕੇਂਦਰ ਸਰਕਾਰ, ਮਜ਼ਦੂਰ ਜਮਾਤ ਵੱਲੋਂ ਵੱਡੀ ਜੱਦੋ-ਜਹਿਦ ਤੋਂ ਬਾਅਦ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਿੱਲ ਲਾਗੂ ਕਰਨ ਦਾ ਐਲਾਨ ਕਰ ਚੁੱਕੀ ਹੈ ਜਿਸ ਨੂੰ ਮਜ਼ਦੂਰ ਜਮਾਤ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਤਨਖਾਹ 26 ਹਜ਼ਾਰ ਰੁਪਏ ਕੀਤੀ ਜਾਵੇ, ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਸਰਕਾਰ ਵੱਲੋਂ ਨਿੱਜੀਕਰਨ ’ਤੇ ਰੋਕ ਲਗਾਈ ਜਾਵੇ, ਫੈਕਟਰੀਆਂ, ਭੱਠਿਆਂ ਅਤੇ ਸਕਿਉਰਿਟੀ ਏਜੰਸੀਆਂ ਵਿੱਚ ਠੇਕੇਦਾਰੀ ਪ੍ਰਥਾ ਖ਼ਤਮ ਕਰਕੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ ਅਤੇ ਮਜ਼ਦੂਰ ਦੀ ਦਿਹਾੜੀ 12 ਘੰਟੇ ਕਰਨ ਦੇ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 12 ਸਾਲ ਤੋਂ ਜੋ ਮਿਨੀਮਮ ਵੇਜ ਰੀਵਾਇਜ਼ ਨਹੀਂ ਕੀਤਾ, ਉਸ ਵੱਲ ਤੁਰੰਤ ਗੌਰ ਨਾ ਕੀਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਰਾਮ ਸਿੰਘ, ਦੇਵ ਰਾਜ ਵਰਮਾ, ਅਬਦੇਸ ਪਾਂਡੇ, ਰਾਮ ਧਨੀ, ਤਹਿਸੀਲਦਾਰ, ਸੁਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਗਿਰੀ, ਫੂਲ ਬਦਨ ਤੇ ਮੁਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।