ਮਜ਼ਦੂਰ ਆਗੂਆਂ ਦੀ ਬਹਾਲੀ ਲਈ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ
ਗੁਰਿੰਦਰ ਸਿੰਘ
ਲੁਧਿਆਣਾ, 17 ਨਵੰਬਰ
ਕਾਰਖ਼ਾਨਾ ਮਜ਼ਦੂਰ ਯੂਨੀਅਨ ਵੱਲੋਂ ਮਾਰਸ਼ਲ ਮਸ਼ੀਨਜ ਲਿਮਿਟਡ ਦੇ ਮੁਅੱਤਲ ਕੀਤੇ ਮਜ਼ਦੂਰਾਂ ਦੀ ਬਹਾਲੀ ਲਈ ਕੀਤੀ ਜਾ ਰਹੀ ਹੜਤਾਲ ਅੱਜ ਨੌਵੇਂ ਵਿੱਚ ਦਾਖ਼ਲ ਹੋ ਗਈ ਹੈ। ਅੱਜ ਯੂਨੀਅਨ ਦੀ ਅਗਵਾਈ ਹੇਠ ਮਜ਼ਦੂਰਾਂ ਵੱਲੋਂ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਕਾਰਖ਼ਾਨਾ ਮਜ਼ਦੂਰ ਯੂਨੀਅਨ ਦੀ ਮੀਤ ਪ੍ਰਧਾਨ ਗਗਨਦੀਪ ਕੌਰ ਨੇ ਦੱਸਿਆ ਕਿ ਮਾਰਸ਼ਲ ਮਸ਼ੀਨਜ਼ ਲਿਮਿਟਡ ਦੇ ਮਜ਼ਦੂਰ ਜਥੇਬੰਦ ਹੋਕੇ ਤਨਖਾਹ ਵਾਧਾ ਕਰਵਾਉਣ, ਸਮੇਂ ਸਿਰ ਤਨਖਾਹ ਮਿਲਣ ਅਤੇ ਬੋਨਸ ਦੇ ਭੁਗਤਾਨ ਸਮੇਤ ਹੋਰ ਕਈ ਕਾਨੂੰਨੀ ਹੱਕਾਂ ਲਈ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ਼ ਕੰਪਨੀ ਨੇ 5 ਮਜ਼ਦੂਰ ਆਗੂਆਂ ਨੂੰ 8 ਨਵੰਬਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਕਰਕੇ 9 ਨਵਬੰਰ ਤੋਂ ਮਜ਼ਦੂਰ ਕੰਮ ਤੋਂ ਕੱਢੇ ਗਏ ਆਪਣੇ ਆਗੂਆਂ ਦੀ ਬਹਾਲੀ, ਤਨਖਾਹ ਵਾਧੇ, ਬੋਨਸ ਅਦਾਇਗੀ, ਪੱਕੀ ਹਾਜ਼ਰੀ ਅਤੇ ਹੋਰ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਸਤੋਂ ਬਾਅਦ ਵੀ ਸਾਰੇ ਹੜਤਾਲੀ ਮਜ਼ਦੂਰਾਂ ਨੂੰ ਇਹ ਨੋਟਿਸ ਭੇਜ ਕੇ ਡਰਾਇਆ ਜਾ ਰਿਹਾ ਹੈ ਕਿ ਜੇ ਕੰਮ ਉੱਤੇ ਵਾਪਿਸ ਨਾ ਆਏ ਤਾਂ ਇੱਕ ਦਿਨ ਪਿੱਛੇ 8 ਦਿਨ ਦੀ ਤਨਖ਼ਾਹ ਕੱਟੀ ਜਾਵੇਗੀ। ਇਸ ਦੌਰਾਨ ਕਿਰਤ ਵਿਭਾਗ ਦੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਮਜ਼ਦੂਰ ਆਗੂਆਂ ਤੇ ਫੈਕਟਰੀ ਮਾਲਕ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਜਿਸ ਵਿੱਚ ਫੈਕਟਰੀ ਮਾਲਕ ਨੇ ਕਿਸੇ ਵੀ ਕੀਮਤ ’ਤੇ ਮੁਅੱਤਲ ਕੀਤੇ 5 ਮਜ਼ਦੂਰ ਆਗੂਆਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਨਸਾਫ਼ ਦੀ ਪ੍ਰਾਪਤੀ ਲਈ ਮਜਦੂਰਾਂ ਵੱਲੋਂ 21 ਨਵੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਦਿੱਤਾ ਜਾਵੇਗਾ।