ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਸਰਕਾਰੀ ਕਾਲਜ ਅੱਗੇ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 8 ਜੁਲਾਈ
ਦਿ ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਨੇ ਅੱਜ ਇੱਥੇ ਸਰਕਾਰੀ ਰਜਿੰਦਰਾ ਕਾਲਜ ਦੇ ਗੇਟ ਅੱਗੇ ਆਪਣੀਆਂ ਮੰਗਾਂ ਦੇ ਹੱਲ ਲਈ ਕਾਲਜ ਪ੍ਰਿੰਸੀਪਲ ਖ਼ਿਲਾਫ਼ ਧਰਨਾ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਕਾਲਜ ਦੇ ਪ੍ਰਿੰਸੀਪਲ ਨਜ਼ਰਅੰਦਾਜ਼ ਕਰ ਰਹੇ ਹਨ, ਇਸ ਲਈ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਕਦਮ ਉਠਾਉਣਾ ਪਿਆ। ਇਸ ਦੌਰਾਨ ਯੂਨੀਅਨ ਦੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਧਰਨਾਕਾਰੀਆਂ ਦੇ ਵਫ਼ਦ ਅਤੇ ਪ੍ਰਿੰਸੀਪਲ ਦਰਮਿਆਨ ਮੰਗਾਂ ਨੂੰ ਲੈ ਕੇ ਮੀਟਿੰਗ ਵੀ ਹੋਈ, ਜੋ ਕਿ ਬੇਸਿੱਟਾ ਰਹੀ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਾਰਥਿਕ ਹੁੰਗਾਰਾ ਨਹੀਂ ਭਰਿਆ ਜਾਂਦਾ, ਉਦੋਂ ਤੱਕ ਉਹ ਰੋਜ਼ਾਨਾ ਸਵੇਰੇ 11 ਵਜੇ ਇੱਥੇ ਧਰਨਾ ਦਿੰਦੇ ਰਹਿਣਗੇ। ਧਰਨੇ ਵਿੱਚ ਜ਼ਿਲ੍ਹਾ ਚੈਅਰਮੈਨ ਮਨਜੀਤ ਸਿੰਘ ਪੰਜੂ, ਪੀਐਸਐਸਐਫ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਬਦਿਆਲਾ, ਸੀਐਫਯੂ ਦੇ ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ, ਮੀਤ ਪ੍ਰਧਾਨ ਸੋਹਣ ਲਾਲ, ਗੁਰਜੀਤ ਸਿੰਘ ਤਲਵੰਡੀ ਸਾਬੋ, ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਬਲਕਾਰ ਸਿੰਘ ਸਹੋਤਾ, ਸੱਤ ਪਾਲ, ਚਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਰਵੀ ਕੁਮਾਰ, ਭੁਪਿੰਦਰ ਸਿੰਘ, ਪੇ੍ਰਮ ਨਾਥ, ਬਲਕਾਰ ਸਿੰਘ, ਅਜੈ ਕੁਮਾਰ, ਬਲਕਰਨ ਸਿੰਘ, ਕ੍ਰਿਸ਼ਨ ਸਿੰਘ ਤਿਉਣਾ ਤੇ ਹਰੀ ਸ਼ੰਕਰ ਆਦਿ ਮੌਜੂਦ ਰਹੇ।