ਨੌਕਰੀ ਤੋਂ ਕੱਢੇ ਕਾਮਿਆਂ ਵੱਲੋਂ ਗੈਸ ਪਲਾਂਟ ਅੱਗੇ ਧਰਨਾ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 4 ਅਕਤੂਬਰ
ਇੱਥੇ ਸਥਿਤ ਗੈਸ ਬੋਟਲਿੰਗ ਪਲਾਂਟ ਦੇ ਗੇਟ ਅੱਗੇ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਲਾਂਟ ਵਿੱਚੋਂ ਕੁੱਝ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਵਰਕਰਾਂ ਦੇ ਸਾਥੀਆਂ ਵੱਲੋਂ ਪਲਾਂਟ ਦੇ ਠੇਕੇਦਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਲਾਂਟ ਦੇ ਵਰਕਰ ਦਲਜੀਤ ਸਿੰਘ ਅਤੇ ਬਾਕੀਆਂ ਨੇ ਕਿਹਾ ਕਿ ਉਹ ਪੰਜ ਸਾਲ ਤੋਂ ਪਲਾਂਟ ਅੰਦਰ ਕੰਮ ਕਰ ਰਹੇ ਹਨ ਪਰ ਬੀਤੇ ਕੁੱਝ ਦਿਨਾਂ ਤੋਂ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਬਕਾਇਆ ਰਕਮ ਦਿੱਤੀ ਜਾ ਰਹੀ ਹੈ। ਠੇਕੇਦਾਰ ਵੱਲੋਂ ਵਰਕਰਾਂ ਦਾ ਓਵਰਟਾਈਮ ਵੀ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਵਰਕਰਾਂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਨੂੰ ਪੁਲੀਸ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਕੰਮ ਤੋਂ ਫਾਰਗ ਕੀਤੇ ਨੌਜਵਾਨਾਂ ਵੱਲੋਂ ਗੈਸ ਪਲਾਂਟ ਬਾਹਰ ਧਰਨਾ ਪ੍ਰਦਰਸ਼ਨ ਕਰਦਿਆਂ ਨਵੇਂ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਲਾਂਟ ਦੇ ਠੇਕੇਦਾਰ ਸੁਕੇਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਵੱਲੋਂ ਹੁਣ ਹੀ ਠੇਕਾ ਲਿਆ ਗਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਤਹਿਤ ਹੀ ਵਰਕਰਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ, ਉਨ੍ਹਾਂ ਦੀ ਪਲਾਂਟ ਵਿੱਚ ਕੰਮ ਅਨੁਸਾਰ ਲੋੜ ਨਹੀਂ ਹੈ।