For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਵਲੋਂ ਮੰਗਾਂ ਲਈ ਵਣ ਮੰਡਲ ਦਫ਼ਤਰ ਅੱਗੇ ਧਰਨਾ

07:11 AM Apr 24, 2024 IST
ਜੰਗਲਾਤ ਕਾਮਿਆਂ ਵਲੋਂ ਮੰਗਾਂ ਲਈ ਵਣ ਮੰਡਲ ਦਫ਼ਤਰ ਅੱਗੇ ਧਰਨਾ
ਸੰਗਰੂਰ ’ਚ ਵਣ ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਜੰਗਲਾਤ ਵਰਕਰ। ਫੋਟੋ: ਲਾਲੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਪਰੈਲ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜੰਗਲਾਤ ਕਾਮਿਆਂ ਵੱਲੋਂ ਅੱਜ ਇਥੇ ਵਣ ਮੰਡਲ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਵਿਭਾਗ ਦੇ ਕਾਮਿਆਂ ਨੂੰ ਮਨਰੇਗਾ ਅਧੀਨ ਕੰਮ ਕਰਨ ਦੇ ਪੱਤਰ ਸਾੜ ਕੇ ਵਿਰੋਧ ਜਤਾਇਆ ਗਿਆ। ਧਰਨਾਕਾਰੀਆਂ 25 ਅਪਰੈਲ ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹਲਕਾ ਭੋਆ ਵਿੱਚ ਮਾਰਚ ਅਤੇ ਰੈਲੀ ਕਰਨ ਦਾ ਐਲਾਨ ਕੀਤਾ। ਜੰਗਲਾਤ ਕਾਮੇ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਮਨਸ਼ਾ ਨਾਲ ਜਾਰੀ ਕੀਤੇ ਜਾ ਰਹੇ ਪੱਤਰਾਂ ਖ਼ਿਲਾਫ਼ ਰੋਸ ਜਤਾ ਰਹੇ ਸਨ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ ਅਤੇ ਸਕੱਤਰ ਸਤਨਾਮ ਸੰਗਤੀਵਾਲਾ ਦੀ ਪ੍ਰਧਾਨਗੀ ਹੇਠ ਜੰਗਲਾਤ ਕਾਮਿਆਂ ਵੱਲੋਂ ਇੱਥੇ ਵਣ ਮੰਡਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ ਨੇ ਕਿਹਾ ਕਿ ਪਿਛਲੇ ਦਿਨੀਂ ਸਰਕਾਰ ਵਲੋਂ ਜਾਰੀ ਪੱਤਰਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਸਰਕਾਰ ਇਸ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਚਾਲ ਚੱਲ ਰਹੀ ਹੈ। ਪਿਛਲੇ ਪੰਜ ਸਾਲਾਂ ਤੋਂ ਵਿਭਾਗ ਦੇ ਫੰਡਾਂ ਵਿੱਚ ਕੱਟ ਲਗਾਏ ਜਾ ਰਹੇ ਹਨ। ਜੰਗਲਾਂ ਅਤੇ ਪੌਦਿਆਂ ਦੀ ਗਿਣਤੀ ਨੂੰ ਲਗਾਤਾਰ ਘਟਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਜਿੱਥੇ ਜੰਗਲਾਤ ਅਧੀਨ ਰਕਬਾ ਵਧਾਉਣ ਦੀ ਹਦਾਇਤ ਕੀਤੀ ਗਈ ਹੈ ਉੱਥੇ ਵਿਭਾਗ ਨੂੰ ਪੰਚਾਇਤੀਕਰਨ ਅਤੇ ਨਿੱਜੀਕਰਨ ਵੱਲ ਧੱਕਣ ਦੀ ਵੀ ਚਾਲ ਹੈ ਜਿਸ ਕਾਰਨ ਜੰਗਲਾਤ ਕਾਮਿਆਂ ’ਚ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਮੌਕੇ ‘ਆਪ’ ਪਾਰਟੀ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਾਮਿਆਂ ਨੂੰ ਵਿਭਾਗ ਵਿੱਚ ਰੱਖਣ ਦੀ ਬਜਾਏ ਉਲਟਾ ਮਨਰੇਗਾ ਦੇ ਪੱਲੇ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਪੱਤਰਾਂ ਨਾਲ ਕਾਮਿਆਂ ਉੱਪਰ ਛਾਂਟੀ ਦੀ ਤਲਵਾਰ ਲਟਕ ਗਈ ਹੈ।
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਅਤੇ ਰਾਜਿੰਦਰ ਅਕੋਈ ਨੇ ਜੰਗਲਾਤ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਕਾਮਿਆਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸਰਕਾਰ ਨੂੰ ਲੋਕ ਸਭਾ ਚੋਣਾਂ ’ਚ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਧਰਨੇ ਨੂੰ ਰਾਮ ਨਾਥ ਸੰਗਰੂਰ, ਹੈਪੀ ਸਿੰਘ, ਸਤਿਗੁਰ ਸਿੰਘ, ਸ਼ੰਮੀ ਖਾਂ, ਭੁਲੇਸਵਰ ਨਾਗਰੀ, ਜਗਸੀਰ ਸਿੰਘ ਬਰਨਾਲਾ, ਜਸਵੀਰ ਸਿੰਘ, ਜੀਤਾ ਸਿੰਘ, ਅਮਰਜੀਤ ਸਿੰਘ, ਅਜੈਬ ਸਿੰਘ ਤੇ ਅਸ਼ੋਕ ਗੁੱਜਰਾਂ ਆਦਿ ਨੇ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×