ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੈਂਕ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਮਾਨਸਾ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਦੇ ਕਿਸਾਨਾਂ ਵੱਲੋਂ ਬੈਂਕ ਦਾ ਘਿਰਾਓ ਕਰਕੇ ਧਰਨਾ ਲਾਇਆ ਗਿਆ। ਜਥੇਬੰਦੀ ਵੱਲੋਂ ਇਹ ਧਰਨਾ ਇੱਕ ਕਿਸਾਨ ਵੱਲੋਂ ਬੈਂਕ ਤੋਂ ਕਰਜ਼ਾ ਨਾ ਦੇਣ ਦੇ ਬਾਵਜੂਦ ਬੈਂਕ ਅਧਿਕਾਰੀਆਂ ਵੱਲੋਂ ਮੱਝਾਂ ਦਾ ਬੀਮਾ ਕਰਨ ਦੇ ਰੋਸ ਵਜੋਂ ਲਾਇਆ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭੋਲਾ ਸਿੰਘ ਮਾਖਾ ਨੇ ਕਿਹਾ ਕਿ ਦਲੇਲ ਸਿੰਘ ਵਾਲਾ ਦੇ ਕਿਸਾਨ ਜਰਨੈਲ ਸਿੰਘ ਵੱਲੋਂ ਬੈਂਕ ਤੋਂ ਮੱਝਾਂ ਵਾਸਤੇ 10 ਲੱਖ ਰੁਪਏ ਦਾ ਕਰਜ਼ਾ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀਆਂ ਵੱਲੋਂ ਉਕਤ ਕਿਸਾਨ ਨੂੰ ਆਪਣੇ ਬੈਂਕ ਖਾਤੇ ਵਿੱਚ 1,40,000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਕਿਸਾਨ ਦਾ ਕਰਜ਼ਾ ਪਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਬੈਂਕ ਅਧਿਕਾਰੀਆਂ ਨੇ ਕਰਜ਼ਾ ਵਾਲੀ ਫਾਈਲ ਰੱਦ ਕਰ ਦਿੱਤੀ, ਪਰ ਜੋ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਈ ਸੀ, ਉਸ ਵਿੱਚੋਂ ਮੱਝਾਂ ਦਾ ਬੀਮਾ ਕਰਕੇ 26,500 ਰੁਪਏ ਕੱਟ ਲਏ। ਉਨ੍ਹਾਂ ਕਿਹਾ ਕਿ ਕਿਸਾਨ ਬੀਮੇ ਦੇ ਰੁਪਏ ਵਾਪਸ ਕਰਵਾਉਣ ਲਈ 6 ਮਹੀਨਿਆਂ ਤੋਂ ਬੈਂਕ ਵਿੱਚ ਗੇੜੇ ਚੁੱਕਾ ਹੈ ਪਰ ਮਾਮਲਾ ਹੱਲ ਨਾ ਹੋਇਆ। ਕਿਸਾਨ ਆਗੂਆਂ ਨੇ ਦੱਸਿਆ ਕਿ ਸੰਘਰਸ਼ ਤੋਂ ਬਾਅਦ ਬੈਂਕ ਨੇ ਕਿਸਾਨ ਦੇ ਖਾਤੇ ਵਿੱਚ 26500 ਰੁਪਏ ਵਾਪਸ ਕਰ ਦਿੱਤੇ, ਜਿਸ ਮਗਰੋਂ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ ਸਮਾਪਤ ਕਰ ਦਿੱਤਾ ਗਿਆ।
ਇਸ ਮੌਕੇ ਕਿਸਾਨ ਆਗੂ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ ਤੇ ਜਸਦੇਵ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ।