ਡਕੌਂਦਾ ਧੜੇ ਵੱਲੋਂ ਪ੍ਰਾਈਵੇਟ ਬੈਂਕ ਅੱਗੇ ਧਰਨਾ
ਪੱਤਰ ਪ੍ਰੇਰਕ
ਮਾਨਸਾ, 18 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਮਾਨਸਾ ’ਚ ਇਕ ਨਿੱਜੀ ਬੈਂਕ ਅੱਗੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪਿੰਡ ਖਿਆਲਾ ਕਲਾਂ ਦੇ ਇੱਕ ਕਿਸਾਨ ਵੱਲੋਂ ਸਾਰੇ ਪੈਸੇ ਭਰਨ ਦੇ ਬਾਵਜੂਦ ਉਸ ਨੂੰ 40 ਹਜ਼ਾਰ ਰੁਪਏ ਹੋਰ ਭਰਨ ਲਈ ਬੈਂਕ ਅਧਿਕਾਰੀਆਂ ਵੱਲੋਂ ਹਦਾਇਤ ਕੀਤੀ ਗਈ ਹੈ, ਜਿਸ ਦਾ ਜਥੇਬੰਦਕ ਤੌਰ ’ਤੇ ਵਿਰੋਧ ਕੀਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਕਿਹਾ ਕਿ ਜਦੋਂ ਪੀੜਤ ਕਿਸਾਨ ਵੱਲੋਂ ਬੈਂਕ ਤੋਂ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤਾਂ ਉਸ ਦੀਆਂ ਬੈਂਕ ਅਨੁਸਾਰ ਸਾਰੀਆਂ ਕਿਸ਼ਤਾਂ ਭਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਬੈਂਕ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ) ਦੀ ਮੰਗ ਕੀਤੀ ਤਾਂ ਉਨ੍ਹਾਂ ਕਿਸਾਨ ਤੋਂ 40 ਹਜ਼ਾਰ ਰੁਪਏ ਦੀ ਹੋਰ ਵੱਖਰੇ ਤੌਰ ’ਤੇ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੇਤਰ ਦੇ ਬੈਂਕਾਂ ਦੀਆਂ ਅਜਿਹੀਆਂ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਇਹ ਧਰਨਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਦੀ ਸਹਾਇਤਾ ਲਈ ਐਨ.ਓ.ਸੀ ਲਿਆ ਜਾਵੇਗਾ ਅਤੇ ਇਸ ਲਈ ਬੇਸ਼ੱਕ ਅੰਦੋਲਨ ਨੂੰ ਹੋਰ ਲੰਬਾ ਚਲਾਉਣਾ ਪਵੇ। ਇਸੇ ਦੌਰਾਨ ਜਥੇਬੰਦੀ ਦੇ ਧਰਨੇ ਦਾ ਬੈਂਕ ਪ੍ਰਬੰਧਕਾਂ ’ਤੇ ਵਧੇ ਦਬਾਅ ਤੋਂ ਬਾਅਦ ਬੈਂਕ ਅਧਿਕਾਰੀ ਵੱਲੋਂ 10 ਹਜ਼ਾਰ ਰੁਪਏ ਲੈ ਕੇ ਮਾਮਲੇ ਨੂੰ ਨਬਿੇੜ ਦਿੱਤਾ, ਜਿਸ ਤੋਂ ਬਾਅਦ ਜਥੇਬੰਦੀ ਨੇ ਧਰਨਾ ਨੂੰ ਚੁੱਕ ਲਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਕੁਲਵਿੰਦਰ ਸਿੰਘ ਲੱਲੂਆਣਾ, ਰਾਜ ਸਿੰਘ ਅਕਲੀਆ ਅਤੇ ਰਾਜੂ ਸਿੰਘ ਅਲੀਸ਼ੇਰ ਤੇ ਅਜਮੇਰ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ।