ਮਜ਼ਦੂਰ ਮੁਕਤੀ ਮੋਰਚਾ ਵੱਲੋਂ ਥਾਣੇ ਅੱਗੇ ਧਰਨਾ
ਪੱਤਰ ਪ੍ਰੇਰਕ
ਭੀਖੀ, 1 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਲਬਿਰੇਸ਼ਨ ਪੰਜਾਬ ਵੱਲੋਂ ਮਜ਼ਦੂਰਾਂ ਦੇ ਮਸਲੇ ਹੱਲ ਨਾ ਕਰਨ ਖ਼ਿਲਾਫ਼ ਥਾਣਾ ਭੀਖੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਕਾਮਰੇਡ ਵਿਜੈ ਕੁਮਾਰ ਭੀਖੀ, ਕਾਮਰੇਡ ਧਰਮਪਾਲ ਨੀਟਾ ਭੀਖੀ ਅਤੇ ਕਾਮਰੇਡ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਪਿੰਡ ਗੁੜੱਦੀ ਵਿੱਚ ਇੱਕ ਮਜ਼ਦੂਰ ਔਰਤ ਦੀ ਉਸ ਦੇ ਘਰ ਅੰਦਰ ਦਾਖਲ ਹੋ ਕੇ ਕੁਝ ਲੋਕਾਂ ਦੁਆਰਾ ਕੁੱਟਮਾਰ ਕਰਨ ਸਬੰਧੀ ਦਰਖ਼ਾਸਤ ਦਿੱਤੀ ਸੀ ਪਰ ਪੁਲੀਸ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਅੱਜ ਉਨ੍ਹਾਂ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਥਾਣੇ ਅੱਗੇ ਧਰਨਾ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਕੱਲ੍ਹ ਥਾਣੇ ਸੱਦਿਆ ਜਾਵੇਗਾ। ਪੁਲੀਸ ਵੱਲੋਂ ਭਰੋਸਾ ਦੇਣ ਤੋਂ ਬਾਅਦ ਮਜ਼ਦੂਰਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਗਗਨ ਖੜਕ ਸਿੰਘ ਵਾਲਾ, ਰਘਵੀਰ ਸਿੰਘ ਭੀਖੀ, ਭੋਲਾ ਸਿੰਘ ਗੜੱਦੀ, ਨਛੱਤਰ ਸਿੰਘ, ਕਾਕਾ ਸਿੰਘ, ਗੁਰਨਾਮ ਸਿੰਘ, ਬਿੱਟੂ ਗੁੜੱਦੀ, ਜਗਤਾਰ ਸਿੰਘ, ਸੰਤੁ ਭੀਖੀ, ਯਾਦਵਿੰਦਰ ਭੀਖੀ ਆਦਿ ਨੇ ਵੀ ਸੰਬੋਧਨ ਕੀਤਾ।