For the best experience, open
https://m.punjabitribuneonline.com
on your mobile browser.
Advertisement

ਚੋਰੀ ਦੀ ਵਾਰਦਾਤ ਹੱਲ ਨਾ ਹੋਣ ’ਤੇ ਮਾਹਿਲਪੁਰ ਥਾਣੇ ਅੱਗੇ ਧਰਨਾ

07:02 AM Jul 27, 2024 IST
ਚੋਰੀ ਦੀ ਵਾਰਦਾਤ ਹੱਲ ਨਾ ਹੋਣ ’ਤੇ ਮਾਹਿਲਪੁਰ ਥਾਣੇ ਅੱਗੇ ਧਰਨਾ
ਥਾਣਾ ਮਾਹਿਲਪੁਰ ਅੱਗੇ ਧਰਨੇ ਮੌਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਜੰਗ ਬਹਾਦਰ ਸੇਖੋਂ
ਮਾਹਿਲਪੁਰ, 26 ਜੁਲਾਈ
ਥਾਣਾ ਮਾਹਿਲਪੁਰ ਦੇ ਪਿੰਡ ਰੀਹਲਾ ਦੇ ਇਕ ਘਰ ਵਿੱਚੋਂ ਲੰਘੀ 9 ਜੁਲਾਈ ਦੀ ਰਾਤ ਨੂੰ 15 ਤੋਲੇ ਸੋਨਾ ਚੋਰੀ ਹੋਣ ਦੇ ਮਾਮਲੇ ਵਿੱਚ ਮਾਹਿਲਪੁਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੱਜ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਮਾਹਿਲਪੁਰ ਪੁਲੀਸ ਸਟੇਸ਼ਨ ਅੱਗੇ ਧਰਨਾ ਲਾ ਕੇ ਸੜਕੀ ਆਵਾਜਾਈ ਚਾਰ ਘੰਟੇ ਠੱਪ ਰੱਖੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮਾਹਿਲਪੁਰ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਰੀਹਲਾ ਦੇ ਸਰਪੰਚ ਸੁਖਵਿੰਦਰ ਸਿੰਘ, ਕੁਲਵਿੰਦਰ ਬਿੱਟੂ, ਅਵਤਾਰ ਸਿੰਘ ਭਿੰਦਾ, ਜੁਗਿੰਦਰ ਸਿੰਘ ਆਦਿ ਨੇ ਦੱਸਿਆ ਕਿ 9 ਜੁਲਾਈ ਦੀ ਰਾਤ ਨੂੰ ਚੋਰਾਂ ਵੱਲੋਂ ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਦੇ ਘਰੋਂ 15 ਤੋਲੇ ਸੋਨਾ ਚੋਰ ਕਰ ਲਿਆ ਗਿਆ ਸੀ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਪੁਲੀਸ ਨੇ ਕੋਈ ਕਾਰਵਾਈ ਨਹੀ ਕੀਤੀ। ਉਨਾਂ ਕਿਹਾ ਕਿ ਪੁਲੀਸ ਨੇ ਕੁਝ ਦਿਨਾਂ ਦਾ ਸਮਾਂ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੂੰ ਚੋਰਾਂ ਦੀ ਪੂਰੀ ਇਤਲਾਹ ਦਿੱਤੀ ਗਈ ਪਰ ਮੁਲਜ਼ਮ ਸ਼ਰੇਆਮ ਇਲਾਕੇ ਵਿੱਚ ਘੁੰਮ ਰਹੇ ਹਨ ਤੇ ਉਲਟਾ ਪੀੜਤ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ’ਚ ਪੁਲੀਸ ਨੇ ਸਾਜਿਸ਼ੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿਲਣਜੇ ਪੁਲੀਸ ਨਾਲ ਸੰਪਰਕ ਕਰੀਏ ਤਾਂ ਫੋਨ ‘ਤੇ ਹੀ ਬਹਾਨਾ ਬਣਾ ਕੇ ਲੋਕਾਂ ਨੂੰ ਟਾਲ ਦਿੰਦੇ ਹਨ। ਇਸ ਮੌਕੇ ਡੀਐੱਸਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਨੇ ਆ ਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਕੀਤਾ ਗਿਆ ਹੈ ਅਤੇ ਚਾਰ ਦਿਨ ਦੇ ਅੰਦਰ ਬਾਕੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁਕਿਆ ਅਤੇ ਆਵਾਜਾਈ ਬਹਾਲ ਹੋਈ।

Advertisement

Advertisement
Advertisement
Author Image

sanam grng

View all posts

Advertisement