For the best experience, open
https://m.punjabitribuneonline.com
on your mobile browser.
Advertisement

ਜਲ ਸਪਲਾਈ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਜਿੰਪਾ ਦੀ ਕੋਠੀ ਅੱਗੇ ਧਰਨਾ

07:02 AM Jun 22, 2024 IST
ਜਲ ਸਪਲਾਈ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਜਿੰਪਾ ਦੀ ਕੋਠੀ ਅੱਗੇ ਧਰਨਾ
ਹੁਸ਼ਿਆਰਪੁਰ ਵਿੱਚ ਰੋਸ ਮਾਰਚ ਕਰਦੇ ਹੋਏ ਠੇਕਾ ਕਰਮਚਾਰੀ।
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਜੂਨ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਰਮਚਾਰੀਆਂ ਵੱਲੋਂ ਅੱਜ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਕੋਠੀ ਨੇੜੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸ਼ਹਿਰ ’ਚ ਰੋਸ ਮਾਰਚ ਵੀ ਕੱਢਿਆ। ਇਸ ਦੌਰਾਨ ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਠੇਕਾ ਅਧਾਰਤ ਅਸਾਮੀਆਂ ’ਤੇ ਬਤੌਰ ਬਲਾਕ ਕੋਆਰਡੀਨੇਟਰ, ਸੀਡੀਐੱਸ ਤੇ ਆਈਈਸੀ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਬਜਾਏ ਸਰਕਾਰ ਵੱਲੋਂ ਤਨਖਾਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਨਿਗੁਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਪਰ ਵਿਭਾਗ ਵੱਲੋਂ ਪਹਿਲੀ ਅਪਰੈਲ 2023 ਤੋਂ ਭੱਤੇ ਕੱਟ ਕੇ ਉਨ੍ਹਾਂ ਨੂੰ ਹੋਰ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਫ਼ਰੀ ਭੱਤਾ, ਮੋਬਾਈਲ ਭੱਤਾ ਸਮੇਤ ਹੋਰ ਭੱਤੇ ਕੱਟ ਕੇ ਪ੍ਰਤੀ ਕਰਮਚਾਰੀ ਲਗਪਗ 4 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਾ ਕੱਟ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਸਮੂਹ ਕਰਮਚਾਰੀਆਂ ਵਿੱਚ ਰੋਸ ਹੈ। ਮੁਲਾਜ਼ਮ ਆਗੂ ਕਿਰਪਾਲ ਸਿੰਘ, ਜਸਦੀਪ ਸਿੰਘ, ਬਲਜੀਤ ਸਿੰਘ, ਸੰਗਤ ਸਿੰਘ, ਹਰਿੰਦਰ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੀ ਹੋਂਦ ਵਿੱਚ ਆਈ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸਖਤ ਐਕਸ਼ਨ ਲੈਣਗੇ ਅਤੇ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਗੇ। ਮਗਰੋਂ ਮੁਜ਼ਾਹਰਾਕਾਰੀਆਂ ਵਿੱਚੋਂ ਕੁੱਝ ਮੁਲਾਜ਼ਮ ਪੁਲੀਸ ਲਾਈਨ ਦੇ ਨੇੜੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਜਦੋਂ ਚੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਰੋਸ ਜਾਰੀ ਰੱਖਣਗੇ। ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜਨੀਅਰ ਨੇ ਉਨ੍ਹਾਂ ਨੂੰ 25 ਜੂਨ ਨੂੰ ਮੰਤਰੀ ਨਾਲ ਮੁਲਾਕਾਤ ਦਾ ਸੁਨੇਹਾ ਦਿੱਤਾ ਪਰ ਮੁਲਾਜ਼ਮ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਅਜਿਹੇ ਲਾਅਰੇ ਪਹਿਲਾਂ ਵੀ ਕਈ ਵਾਰ ਸਰਕਾਰ ਲਗਾ ਚੁੱਕੀ ਪਰ ਅਮਲੀ ਰੂਪ ’ਚ ਕੁੱਝ ਨਹੀਂ ਹੁੰਦਾ।

Advertisement

Advertisement
Author Image

sukhwinder singh

View all posts

Advertisement
Advertisement
×