For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਬੋਰਡ ਦੇ ਹੜਤਾਲੀ ਕਾਮਿਆਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ

06:19 AM Nov 20, 2024 IST
ਸੀਵਰੇਜ ਬੋਰਡ ਦੇ ਹੜਤਾਲੀ ਕਾਮਿਆਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ
ਸੰਗਰੂਰ ’ਚ ਸੀਵਰੇਜ ਬੇਰਡ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਹੜਤਾਲੀ ਕਾਮੇ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਨਵੰਬਰ
ਸੀਵਰੇਜ ਬੋਰਡ ਅਧੀਨ ਕੰਮ ਕਰ ਰਹੀ ਕੰਪਨੀ ਦੇ ਖ਼ਿਲਾਫ਼ ਸੀਵਰੇਜ ਬੋਰਡ ਦੇ ਹੜਤਾਲੀ ਕਾਮਿਆਂ ਵਲੋਂ ਸੀਵਰੇਜ ਬੋਰਡ ਦੇ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਹੜਤਾਲੀ ਕਾਮਿਆਂ ਨੇ ਕੰਪਨੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਸੀਵਰੇਜ ਦੇ ਐੱਮਪੀਐੱਸ ਅਤੇ ਟਰੀਟਮੈਂਟ ਪਲਾਂਟ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੇ ਕਨਵੀਨਰ ਚਮਕੌਰ ਸਿੰਘ ਮਹਿਲਾਂ ਨੇ ਦੱਸਿਆ ਕਿ ਅਕਤੂਬਰ- 2016 ਤੋਂ ਸੀਵਰੇਜ ਬੋਰਡ ਦੇ ਅਧੀਨ ਕੰਮ ਕਰ ਰਹੀ ਕੰਪਨੀ ਵੱਲੋਂ ਤਨਖਾਹਾਂ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਈਪੀਐੱਫ ਸਮੇਂ ਸਿਰ ਜਮ੍ਹਾਂ ਕਰਵਾਇਆ ਜਾਂਦਾ ਹੈ। ਈਐੱਸਆਈ ਕਾਰਡ ਵੀ ਅਪਡੇਟ ਨਹੀਂ ਕੀਤੇ ਜਾਂਦੇ ਅਤੇ ਕਾਮਿਆਂ ਦਾ ਬਣਦਾ ਬੋਨਸ ਵੀ ਅਜੇ ਤੱਕ ਨਹੀਂ ਦਿੱਤਾ ਗਿਆ, ਜਿਸ ਦੇ ਖ਼ਿਲਾਫ਼ ਪਿਛਲੇ ਇੱਕ ਹਫ਼ਤੇ ਤੋਂ ਸੀਵਰੇਜ ਬੋਰਡ ਦੇ ਕਾਮੇ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਇਹ ਕਹਿ ਕੇ ਸੱਤਾ ਵਿੱਚ ਆਈ ਸੀ ਕਿ ਉਨ੍ਹਾਂ ਦੇ ਆਉਣ ਨਾਲ ਕਿਸੇ ਵੀ ਵਰਗ ਨੂੰ ਧਰਨਾ-ਮੁਜ਼ਾਹਰਾ ਨਹੀਂ ਕਰਨਾ ਪਵੇਗਾ ਪਰ ਇਸ ਦੇ ਉਲਟ ਕੰਪਨੀ ਦੀਆਂ ਮਨਮਾਨੀਆਂ ਅਤੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਕਾਰਨ ਕਾਮਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰਦੇ ਕਰਮਚਾਰੀਆਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਝੱਠਣੀ ਪੈ ਰਹੀ ਹੈ। ਸਥਿਤੀ ਇਥੋਂ ਤੱਕ ਨਿਘਰ ਗਈ ਹੈ ਕਿ ਸੀਵਰੇਜ ਕਾਮਿਆਂ ਨੂੰ ਹੱਥ ਧੋਣ ਦੇ ਲਈ ਸਾਬਣ ਵਗੈਰਾ ਵੀ ਨਹੀਂ ਦਿੱਤਾ ਜਾਂਦਾ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕੰਪਨੀ /ਅਧਿਕਾਰੀਆਂ ਨੂੰ ਕਾਮਿਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਨ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਦੇ ਐੱਮਪੀਐੱਸ ਅਤੇ ਟਰੀਟਮੈਂਟ ਪਲਾਂਟ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਰੋਸ ਧਰਨੇ ਵਿੱਚ ਗੁਰਜੰਟ ਸਿੰਘ ਉਗਰਾਹਾਂ, ਹਰਦੀਪ ਕੁਮਾਰ, ਜਗਸੀਰ ਲਾਲ, ਸੋਹਨ ਲਾਲ, ਅਮਨਦੀਪ, ਜਗਮੋਹਣ, ਰਾਜਨ , ਰਾਜਨ, ਪਵਨ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement