ਬੀਕੇਯੂ ਏਕਤਾ(ਉਗਰਾਹਾਂ) ਵੱਲੋਂ ਡੀਐੱਸਪੀ ਦਫ਼ਤਰ ਅੱਗੇ ਧਰਨਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਨੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਮਾਲੇਰਕੋਟਲਾ ਇਕਾਈ ਦੇ ਆਗੂ ਦੀ ਤਿੰਨ ਹਫ਼ਤੇ ਪਹਿਲਾਂ ਚੋਰੀ ਹੋਈ ਸਕੂਟਰੀ ਅਜੇ ਤੱਕ ਨਾ ਲੱਭੇ ਜਾਣ ਦੇ ਸਬੰਧ ’ਚ ਯੂਨੀਅਨ ਦੀ ਬਲਾਕ ਮਾਲੇਰਕੋਟਲਾ ਇਕਾਈ ਨੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਦੀ ਅਗਵਾਈ ਹੇਠ ਡੀਐੱਸਪੀ ਦਫ਼ਤਰ ਮਾਲੇਰਕੋਟਲਾ ਅੱਗੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੇ ਸਥਾਨਕ ਦਫ਼ਤਰ ਅੱਗੇ 18 ਅਕਤੂਬਰ ਤੋਂ 4 ਨਵੰਬਰ ਤੱਕ ਚੱਲੇ ਪੱਕੇ ਮੋਰਚੇ ਦੌਰਾਨ 7 ਅਕਤੂਬਰ ਨੂੰ ਯੂਨੀਅਨ ਦੇ ਬਲਾਕ ਆਗੂ ਦਰਸ਼ਨ ਸਿੰਘ ਰਟੋਲਾਂ ਦੀ ਸਕੂਟਰੀ ਚੋਰੀ ਹੋ ਗਈ ਸੀ, ਜਿਸ ਦੀ ਪੁਲੀਸ ਨੂੰ ਇਤਲਾਹ ਵੀ ਦੇ ਦਿੱਤੀ ਗਈ ਸੀ। ਡੀਐੱਸਪੀ ਮਾਲੇਰਕੋਟਲਾ ਨੇ ਦਸ ਦਿਨ ਪਹਿਲਾਂ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਸੀ ਕਿ ਸਕੂਟਰੀ ਚੋਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਕੇ ਸਕੂਟਰੀ ਬਰਾਮਦ ਕਰ ਲਈ ਜਾਵੇਗੀ ਪਰ ਅਜੇ ਤੱਕ ਪੁਲੀਸ ਨੂੰ ਸਕੂਟਰੀ ਚੋਰ ਦਾ ਪਤਾ ਨਹੀਂ ਲੱਗ ਸਕਿਆ। ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਨੇ ਕਿਹਾ ਕਿ ਸ਼ਹਿਰ ਅੰਦਰ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਸਕੂਟਰੀ ਨੂੰ ਚੋਰੀ ਹੋਈ ਨੂੰ ਤਿੰਨ ਹਫ਼ਤੇ ਬੀਤ ਜਾਣ ’ਤੇ ਵੀ ਪੁਲੀਸ ਨੂੰ ਸਕੂਟਰੀ ਦਾ ਖੁਰਾ ਖੋਜ ਨਾ ਮਿਲਣਾ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਸਾਬਤ ਕਰਦਾ ਹੈ। ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਨੇ ਕਿਹਾ ਕਿ ਸ਼ਹਿਰ ਅੰਦਰ ਆਏ ਦਿਨ ਸਕੂਟਰ-ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਥਾਨਕ ਸਬਜ਼ੀ ਮੰਡੀ ਤਾਂ ਸਕੂਟਰ-ਮੋਟਰਸਾਈਕਲ ਚੋਰੀ ਦਾ ਕੇਂਦਰ ਬਣਿਆ ਹੋਇਆ ਹੈ। ਕਿਸਾਨ ਆਗੂ ਕੁਲਵਿੰਦਰ ਸਿੰਘ ਭੂਦਨ ਨੇ ਦੱਸਿਆ ਕਿ ਧਰਨੇ ਦੌਰਾਨ ਇਸ ਮਾਮਲੇ ਸਬੰਧੀ ਯੂਨੀਅਨ ਦੇ ਵਫ਼ਦ ਨਾਲ ਉਪ ਪੁਲੀਸ ਕਪਤਾਨ ਰਣਜੀਤ ਸਿੰਘ ਦੀ ਹੋਈ ਗੱਲਬਾਤ ਦੌਰਾਨ ਮਾਮਲੇ ਦੇ ਹੱਲ ਲਈ ਉਪ ਪੁਲੀਸ ਕਪਤਾਨ ਨੇ 20 ਦਿਨ ਦਾ ਸਮਾਂ ਹੋਰ ਲਿਆ ਹੈ। ਯੂਨੀਅਨ ਨੇ ਵੀ ਪੁਲੀਸ ਨੂੰ 20 ਦਿਨ ਦਾ ਹੋਰ ਸਮਾਂ ਦੇ ਦਿੱਤਾ ਹੈ ਜੇ ਵੀਹ ਦਿਨਾਂ ’ਚ ਸਕੂਟਰੀ ਨਾ ਮਿਲੀ ਤਾਂ ਯੂਨੀਅਨ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ।