ਪੀਆਰਟੀਸੀ ਦੇ ਵਰਕਰਾਂ ਵੱਲੋਂ ਡਿੱਪੂ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 27 ਜੂਨ
ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਹੜਤਾਲ ਕਰਕੇ ਇਥੇ ਪੀਆਰਟੀਸੀ ਡਿੱਪੂ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਮੰਗਾਂ ਲਗਾਤਾਰ ਨਜ਼ਰਅੰਦਾਜ ਕਰ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਪੀਆਰਟੀਸੀ ਕਾਮਿਆਂ ਦੀ ਹੜਤਾਲ ਸਫ਼ਲ ਰਹੀ ਹੈ ਅਤੇ ਹੜਤਾਲ ਦੌਰਾਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ ਹੈ। ਡਿੱਪੂ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ 5 ਫ਼ੀਸਦ ਤਨਖ਼ਾਹ ‘ਚ ਵਾਧਾ, 18/7/2014 ਦੀਆਂ ਕੰਡੀਸ਼ਨਾਂ ਵਿੱਚ ਸੋਧ ਸੱਭਰਵਾਲ ਦੀ ਰਿਪੋਰਟ ਆਨ ਰੂਟ ਵਰਕਰ ਦੀਆ ਸਰਵਿਸ ਰੂਲ ਸਬੰਧਤ ਅਤੇ ਬਲੈਕਲਿਸਟ ਹੋਏ ਵਰਕਰਾ ਨੂੰ ਵਨ ਟਾਈਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10 ਜੁਲਾਈ ਤੱਕ ਕਰ ਦਿੱਤਾ ਜਾਵੇਗਾ ਅਤੇ ਜੋ ਮੰਗਾਂ ਵਿਭਾਗ ਪੱਧਰ ‘ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ‘ਤੇ ਸਹਿਮਤੀ ਜਤਾਈ । ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾਂ ਮੁਤਾਬਿਕ 400 ਰੁਪਏ ਤੱਕ ਅਤੇ 10 ਲਿਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ‘ਤੇ ਕਰਨ ਤੇ ਸਹਿਮਤੀ ਪ੍ਰਗਟਾਈ, ਜਿਸ ਦੀ ਜਿਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਜੇ 10 ਜੁਲਾਈ ਤੱਕ ਮੰਗਾਂ ਲਾਗੂ ਨਾ ਹੋਈਆਂ ਤਾਂ ਮੁੜ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।