ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਸੀ ਦਫ਼ਤਰਾਂ ਅੱਗੇ ਧਰਨੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਸਤੰਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਬਾਸਮਤੀ ਦਾ ਘੱਟੋ-ਘੱਟ ਸਮਰਥਨ ਮੁੱਲ 6000 ਰੁਪਏ ਤੈਅ ਕਰਨ ਦੀ ਮੰਗ ਸਬੰਧੀ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਧਰਨਾ ਦਿਤਾ ਗਿਆ ਹੈ। ਰੋਸ ਧਰਨੇ ਦੀ ਅਗਵਾਈ ਕਿਸਾਨ ਆਗੂ ਸਤਨਾਮ ਸਿੰਘ ਝੰਡੇਰ, ਮਨਜੀਤ ਸਿੰਘ ਬਾਠ, ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ, ਮੇਜਰ ਸਿੰਘ ਜੌਹਲ ਅਤੇ ਰਵਿੰਦਰ ਸਿੰਘ ਛੱਜਲਵੱਡੀ ਨੇ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿਚ ਕਿਸਾਨ, ਔਰਤਾਂ ਤੇ ਮਰਦਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਔਰਤ ਵਿੰਗ ਦੀ ਸੂਬਾ ਕਨਵੀਨਰ ਹਰਦੀਪ ਕੌਰ ਕੋਟਲਾ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਤੇ ਮੇਜਰ ਸਿੰਘ ਕੜਿਆਲ ਨੇ ਦੋਸ਼ ਲਾਇਆ ਕਿ ਵਪਾਰੀਆਂ, ਅਧਿਕਾਰੀਆਂ ਤੇ ਸਿਆਸਤਦਾਨਾਂ ਦਾ ਗੱਠਜੋੜ ਬਾਸਮਤੀ ਦੀ ਫਸਲ ਨੂੰ ਲੁੱਟਣ ਲਈ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਬਾਸਮਤੀ ਦਾ ਭਾਅ 1000 ਰੁਪਏ ਪ੍ਰਤੀ ਕੁਇੰਟਲ ਘੱਟ ਦੇ ਕੇ ਕਿਸਾਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਲੁੱਟ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1121 ਕਿਸਮਾਂ ਦਾ ਐੱਮਐੱਸਪੀ 6000 ਰੁਪਏ ਪ੍ਰਤੀ ਕੁਇੰਟਲ ਤੇ 1509, 1692 ਵਗੈਰਾ ਦਾ 5000 ਰੁਪਏ ਪ੍ਰਤੀ ਕੁਇੰਟਲ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫ਼ਸਲ ਪੰਜਾਬ ਲਈ ਵਿਦੇਸ਼ੀ ਮੁਦਰਾ ਕਮਾਉਣ ਦਾ ਵੱਡਾ ਸੋਮਾਂ ਹੈ। ਬਾਸਮਤੀ ਨੇ 2023-24 ਦੇ ਸੀਜਨ ਵਿੱਚ 5.8 ਬਿਲੀਅਨ ਡਾਲਰ ਵਿਦੇਸ਼ੀ ਮੁਦਰਾ ਕਮਾ ਕੇ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬਾਸਮਤੀ ਚਾਵਲ ਦਾ ਸਮੁੱਚਾ ਨਿਰਯਾਤ ਅਟਾਰੀ ਤੇ ਹੁਸੈਨੀਵਾਲਾ ਦੇ ਬਾਰਡਰਾਂ ਰਾਹੀਂ ਸੜਕੀ ਰਸਤੇ ਹੋਣਾਂ ਚਾਹੀਦਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਹਜ਼ਾਰਾਂ ਕਰੋੜਾਂ ਰੁਪਿਆਂ ਦਾ ਕਾਰੋਬਾਰ ਮਿਲੇਗਾ ਤੇ ਪੰਜਾਬ ਦੀ ਖੇਤੀ ਅਤੇ ਇੰਡਸਟਰੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਭਵਿੱਖ ਬਚਾਉਣ ਲਈ ਸੜਕ ਰਸਤੇ ਅਟਾਰੀ ਤੇ ਹੁਸੈਨੀਵਾਲਾ ਰਾਹੀਂ ਵਪਾਰ ਖੁੱਲ੍ਹਵਾਉਣ ਤੇ ਬਾਸਮਤੀ ਦਾ ਐੱਮਐੱਸਪੀ ਲੈਣ ਲਈ ਵੱਡਾ ਸੰਘਰਸ਼ ਛੇੜਣ। ਉਨ੍ਹਾਂ ਮੰਗ ਕੀਤੀ ਕਿ ਗੰਨੇ ਦਾ ਐੱਮਐੱਸਪੀ 450 ਰੁਪਏ ਪ੍ਰਤੀ ਕੁਇੰਟਲ ਐਲਾਨਿਆਂ ਜਾਵੇ ਤੇ ਖੰਡ ਮਿੱਲਾਂ ਪਹਿਲੀ ਨਵੰਬਰ ਤੋਂ ਚਲਾਈਆਂ ਜਾਣ। ਪੰਜਾਬ ਵਿੱਚ ਡੀਏਪੀ ਖਾਦ ਦੀ ਥੁੜ ਨੂੰ ਖਤਮ ਕੀਤਾ ਜਾਵੇ , ਸੂਬੇ ਵਿੱਚ ਬਿਜਲੀ ਦੀ ਸਪਲਾਈ ਦੇ ਕੱਟ ਤਰੁੰਤ ਖਤਮ ਕੀਤੇ ਜਾਣ ਤੇ ਬਿਜਲੀ ਦੀ ਅੱਠ ਘੰਟੇ ਸਪਲਾਈ ਨਿਰਵਿਘਨ 20 ਅਕਤੂਬਰ ਤੱਕ ਯਕੀਨੀ ਬਣਾਈ ਜਾਵੇ।
ਨਵਾਂ ਸ਼ਹਿਰ (ਲਾਜਵੰਤ ਸਿੰਘ): ਕਿਰਤੀ ਕਿਸਾਨ ਯੂਨੀਅਨ ਨੇ ਅੱਜ ਕਿਸਾਨੀ ਮੰਗਾਂ ਸਬੰਧੀ ਸੂਬਾ ਪੱਧਰੀ ਸੱਦੇ ’ਤੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉਟਾਲ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਹਾਬਪੁਰ ਅਤੇ ਮਨਜੀਤ ਕੌਰ ਅਲਾਚੌਰ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਧਰਨੇ ਨੂੰ ਅਵਤਾਰ ਕੱਟ ਬਿੱਕਰ ਸਿੰਘ, ਬਲਵੀਰ ਸਿੰਘ ਸਕੋਹਪੁਰ, ਜੀਵਨ ਦਾਸ ਬੇਗੋਵਾਲ, ਬਹਾਦਰ ਸਿੰਘ ਧਰਮਕੋਟ, ਸੁਰਿੰਦਰ ਸਿੰਘ ਮਹਿਰਮਪੁਰ, ਕ੍ਰਿਸ਼ਨ ਲਾਲ ਬੇਗੋਵਾਲ, ਕਮਲੇਸ਼ ਕੌਰ ਉੜਾਪੜ ਆਗੂਆਂ ਨੇ ਵੀ ਸੰਬੋਧਨ ਕੀਤਾ। ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂ ਡੀਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਗੁਰਦਾਸਪੁਰ (ਜਤਿੰਦਰ ਬੈਂਸ): ਬਾਸਮਤੀ ਦੀ ਘੱਟ ਤੋਂ ਘੱਟ ਸਮਰਥਨ ਮੁੱਲ ਅਤੇ ਖਰੀਦ ਦੀ ਗਾਰੰਟੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਚੰਨਣ ਸਿੰਘ ਦੋਰਾਂਗਲਾ, ਸਾਗਰ ਸਿੰਘ, ਪਲਵਿੰਦਰ ਸਿੰਘ, ਮੋਹਕਮ ਸਿੰਘ ਨੇ ਵੀ ਸੰਬੋਧਨ ਕੀਤਾ।
ਕਿਸਾਨ ਜਥੇਬੰਦੀ ਉਗਰਾਹਾਂ ਵੱਲੋਂ ਸ਼ਾਹਕੋਟ ਤੇ ਨਕੋਦਰ ’ਚ ਧਰਨਾ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਡੀਏਪੀ ਖਾਦ ਨਾਲ ਕਿਸਾਨਾਂ ਨੂੰ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਗੈਰ-ਜ਼ਰੂਰੀ ਵਸਤੂਆਂ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਕਮੇਟੀ ਸ਼ਾਹਕੋਟ ਅਤੇ ਨਕੋਦਰ ਨੇ ਐੱਸਡੀਐੱਮ ਦਫ਼ਤਰਾਂ ਅੱਗੇ ਧਰਨੇ ਲਗਾ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪ ਕੇ ਇਸ ਕਾਰਵਾਈ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਤਹਿਸੀਲ ਕੰਪਲੈਕਸ ਸ਼ਾਹਕੋਟ ਵਿਚ ਲਗਾਏ ਧਰਨੇ ਨੂੰ ਜ਼ਿਲ੍ਹਾ ਜਲੰਧਰ ਦੇ ਸਕੱਤਰ ਗੁਰਚਰਨ ਸਿੰਘ ਚਾਹਲ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਤੇ ਸਕੱਤਰ ਮਨਜੀਤ ਸਿੰਘ ਸਾਬੀ, ਸੁਰਜੀਤ ਸਿੰਘ ਸੰਢਾਂਵਾਲ, ਗੁਰਮੁਖ ਸਿੰਘ ਸਿੱਧੂ, ਬਲਵਿੰਦਰ ਸਿੰਘ ਪੈਂਤੀ, ਨਿਰਮਲ ਸਿੰਘ ਕਾਂਗਣਾ, ਜਗਮੇਲ ਸਿੰਘ, ਬਲਕਾਰ ਸਿੰਘ ਲਸੂੜੀ ਅਤੇ ਬਲਦੇਵ ਸਿੰਘ ਗਿਹਲਣ ਨੇ ਸੰਬੋਧਨ ਕੀਤਾ। ਬੀਕੇਯੂ ਏਕਤਾ (ਉਗਰਾਹਾਂ) ਬਲਾਕ ਨਕੋਦਰ ਦੇ ਐੱਸਡੀਐੱਮ ਦਫ਼ਤਰ ਵਿੱਚ ਲਗਾਏ ਧਰਨੇ ਨੂੰ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੀਆਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਗੁਰਦਾਸਪੁਰ (ਜਤਿੰਦਰ ਬੈਂਸ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ ਗਿਆ। ਆਗੂਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਮੰਗ ਪੱਤਰ ਵੀ ਪ੍ਰਾਪਤ ਕੀਤਾ। ਇਸ ਮੌਕੇ ਦਲਜੀਤ ਸਿੰਘ, ਹਰਦੀਪ ਸਿੰਘ, ਸਿਮਨਜੋਤ ਸਿੰਘ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਗੁਰਮੁਖ ਸਿੰਘ, ਅਜੀਤ ਸਿੰਘ, ਹਰਵਿੰਦਰ ਸਿੰਘ, ਜਸਪਾਲ ਸਿੰਘ ਤੇ ਅਮਨਦੀਪ ਸਿੰਘ ਨੇ ਸੰਬੋਧਨ ਕੀਤਾ।
ਤਹਿਸੀਲਦਾਰ ਨੂੰ ਮੰਗ ਪੱਤਰ
ਜਲੰਧਰ (ਪਾਲ ਸਿੰਘ ਨੌਲੀ): ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸੱਦੇ ’ਤੇ ਕਿਸਾਨੀ ਮੰਗਾਂ ਸੰਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਐੱਸਡੀਐੱਮ ਨਕੋਦਰ ਰਾਹੀਂ ਤਹਿਸੀਲਦਾਰ ਪ੍ਰਦੀਪ ਕੁਮਾਰ ਨੂੰ ਸੌਂਪਿਆ। ਯੂਨੀਅਨ ਨੇ ਮੰਗ ਕੀਤੀ ਕਿ ਬਾਸਮਤੀ ਦੀ ਫ਼ਸਲ ’ਤੇ ਵੀ ਐੱਮਐੱਸਪੀ ਦਿੱਤੀ ਜਾਵੇ ਅਤੇ ਇਸ ਦਾ ਘੱਟੋ-ਘੱਟ ਸਮਰਥਨ ਮੁੱਲ 6000 ਰੁਪਏ ਮਿਥਿਆ ਜਾਵੇ, ਡੀਏਪੀ ਖਾਦ ਦਾ ਪ੍ਰਬੰਧ ਸਹਿਕਾਰੀ ਅਦਾਰਿਆਂ ਵਿੱਚ ਕੀਤਾ ਜਾਵੇ। ਕਾਲਾ ਬਾਜ਼ਾਰੀ ਜਾਂ ਹੋਰ ਲੋਟੂ ਢੰਗਾਂ ਨਾਲ ਕਿਸਾਨਾਂ ਨੂੰ ਲੁੱਟਣ ਵਾਲਿਆਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਵਿੰਟਲ ਕੀਤਾ ਜਾਵੇ ਅਤੇ ਖੰਡ ਮਿਲਾ ਪਹਲੀ ਨਵੰਬਰ ਤੋਂ ਚਾਲੂ ਕੀਤੀਆਂ ਜਾਣ ਸ਼ੈਲਰਾ ਅਤੇ ਗੋਦਾਮਾਂ ਵਿੱਚੋਂ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ ਸਹਿਕਾਰੀ ਸੁਸਾਇਟੀਆਂ ਵਿਚ ਨਵੇਂ ਖਾਤੇ ਖੋਲ੍ਹਣ ’ਤੇ ਲੱਗੀ ਰੋਕ ਸਬੰਧੀ ਸਰਕਾਰ ਵੱਲੋਂ ਮੰਨੀ ਮੰਗ ਨੂੰ ਲਾਗੂ ਕੀਤਾ ਜਾਵੇ। ਵਫ਼ਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ, ਸੁਰਿੰਦਰ ਸਿੰਘ ਕੰਦੋਲਾ, ਰਤਨ ਸਿੰਘ ਬਚਨ ਸਿੰਘ ਸਾਬਕਾ ਸਰਪੰਚ, ਸੁਰਜੀਤ ਕੌਰ ਮਾਨ, ਸੋਮਾ ਪੱਬਵਾਂ, ਮੇਜਰ ਸਿੰਘ ਅਤੇ ਗੁਰਦਿਆਲ ਸਿੰਘ ਹਾਜ਼ਰ ਸਨ।