ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਪਟਿਆਲਾ, 16 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਆਗੂ ਧਰਮਵੀਰ ਹਰੀਗੜ੍ਹ ਤੇ ਗੁਰਵਿੰਦਰ ਸਿੰਘ ਬੌੜਾਂ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿੱਚ ਬਲਾਕ ਸਮਾਣਾ ਦੇ ਪਿੰਡ ਦੁੱਲੜ ਵਿੱਚ ਰਾਖਵੇਂ ਕੋਟੇ ਦੀ ਜ਼ਮੀਨ ਉੱਤੇ ਬਿਨਾਂ ਬੋਲੀ ਤੋਂ ਨਾਜਾਇਜ਼ ਕਬਜ਼ਾ ਕਰਵਾਇਆ ਗਿਆ ਹੈ। ਆਗੂਆਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਤਿਹਗੜ੍ਹ ਛੰਨਾਂ ਵਿੱਚ ਮਜ਼ਦੂਰਾਂ ਨੂੰ ਆਪਣੀ ਥਾਂ ਦੇ ਕਾਗ਼ਜ਼ ਹੋਣ ਦੇ ਬਾਵਜੂਦ ਮਕਾਨ ਬਣਾਉਣ ਤੋਂ ਡੀਐਸਪੀ ਸਮਾਣਾ ਵੱਲੋਂ ਰੋਕਿਆ ਜਾ ਰਿਹਾ ਹੈ। ਨਾਭਾ ਬਲਾਕ ਦੇ ਪਿੰਡ ਬੌੜਾਂ ਕਲਾਂ ਪੰਚਾਇਤੀ ਜ਼ਮੀਨ ਨੂੰ ਲੱਗਦੇ ਰਸਤੇ ਉੱਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ। ਇਸੇ ਤਰ੍ਹਾਂ ਨਰਮਾਣਾ ਵਿੱਚ ਸਕੂਲ ਦੇ ਗਰਾਊਂਡ ਦਾ ਫ਼ੈਸਲਾ ਪੰਚਾਇਤ ਦੇ ਹੱਕ ’ਚ ਹੋਣ ਦੇ ਬਾਵਜੂਦ ਕਬਜ਼ਾ ਪਿੰਡ ਦੇ ਰਸੂਖਵਾਨ ਲੋਕਾਂ ਤੋਂ ਕਬਜ਼ਾ ਛੁਡਵਾਉਣ ਦੀ ਥਾਂ ਮਜ਼ਦੂਰਾਂ ’ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਢੀਂਗੀ ਵਿੱਚ ਰਾਖਵੇਂ ਕੋਟੇ ਦੀ ਜ਼ਮੀਨ ਦਾ ਲਗਭਗ ਅੱਧਾ ਹਿੱਸਾ ਜਨਰਲ ਭਾਈਚਾਰੇ ਨੂੰ ਦੇ ਦਿੱਤਾ ਹੈ, ਬਾਕੀ ਰਹਿੰਦੀ ਜ਼ਮੀਨ ਵਿੱਚ ਵੀ ਨਾ ਤਾਂ ਰਸਤੇ ਦਾ ਪ੍ਰਬੰਧ ਹੈ ਅਤੇ ਨਾ ਹੀ ਪਾਣੀ ਦਾ। ਚੌਧਰੀ ਮਾਜਰਾ ਮਜ਼ਦੂਰਾਂ ਨੂੰ ਜ਼ਮੀਨ ਦੇਣ ਦੀ ਬਜਾਏ ਹਰ ਵਾਰ ਬਾਹਰੋਂ ਬੰਦੇ ਬੁਲਾ ਕੇ ਬੋਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੌਜਾ ਰੇਟ ਘੱਟ ਕਰਨਾ ਦੀ ਮੰਗ ਨੂੰ ਮੰਨਣ ਤੋਂ ਬਾਅਦ ਵੀ ਮਜ਼ਦੂਰਾਂ ਨੂੰ ਜ਼ਮੀਨ ਹਾਲੇ ਤੱਕ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੇ ਪਿੰਡ ਲੰਗ ਵਿੱਚ ਰਾਖਵੇਂ ਕੋਟੇ ਦੀ ਜ਼ਮੀਨ ਐਸੀ ਦਾ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਹੈ ਅਤੇ ਮੰਡੋਰ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਡੀਡੀਪੀਓ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਪਰੋਕਤ ਤੋਂ ਬਿਨਾਂ ਲੋਕਾਂ ਨੂੰ ਪ੍ਰਧਾਨ ਮੁਕੇਸ਼ ਮਲੌਦ, ਗੁਰਪ੍ਰੀਤ ਸਿੰਘ ਮਰੋੜ, ਨਿਰਮਲ ਨਰਮਾਣਾ, ਦਲਜੀਤ ਸਿੰਘ ਮੱਲੇਵਾਲ, ਧਰਮਪਾਲ ਸਿੰਘ ਨੂਰਖੇੜੀਆਂ, ਜਗਸੀਰ ਸਿੰਘ ਸੌਜਾ ਅਮਨਦੀਪ ਕੌਰ ਨੇ ਧਰਨੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕੀਤਾ।