ਮੁਲਾਜ਼ਮਾਂ ਦੀ ਬਹਾਲੀ ਲਈ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ
ਪੱਤਰ ਪ੍ਰੇਰਕ
ਰਾਮਪੁਰਾ ਫੂਲ, 6 ਜੂਨ
ਪੰਜਾਬ ਮਿਉਂਸਿਪਲ ਵਰਕਰਜ਼ ਯੂਨੀਅਨ ਬਰਾਂਚ ਰਾਮਪੁਰਾ ਫੂਲ ਵੱਲੋਂ ਨਗਰ ਕੌਂਸਲ ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਦੇ ਸਬੰਧ ਵਿਚ ਅੱਜ ਲੜੀਵਾਰ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਰਿਟਾਇਰ ਪੰਜਾਬ ਮਿਉਂਸਿਪਲ ਵਰਕਰਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਦੇਵ ਸਿੰਘ ਰਾਮਪੁਰਾ ਨੇ ਕਿਹਾ ਕਿ ਦਫ਼ਤਰ ਨਗਰ ਕੌਂਸਲ ਵਿਖੇ ਜ਼ੁਬਾਨੀ ਹੁਕਮਾਂ ਨਾਲ 4-5 ਸਾਲਾਂ ਤੋਂ ਨੌਕਰੀ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਦੋਸ਼ ਤੋਂ ਫ਼ਾਰਗ ਕਰਵਾ ਦਿੱਤਾ ਹੈ, ਜਿਸ ਦੇ ਵਿਰੋਧ ਵਜੋਂ ਧਰਨਾ ਲਗਾਤਾਰ ਜਾਰੀ ਹੈ। ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਦਾ ਸਮਰਥਨ ਕਰਦੇ ਹੋਏ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਉਨ੍ਹਾਂ ਨੂੰ ਵੀ ਮੁੜ ਨੌਕਰੀ ਤੇ ਹਾਜ਼ਰ ਕਰੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦਾ ਈ ਓ ਲਗਾਤਾਰ ਦਫ਼ਤਰ ਨਗਰ ਕੌਂਸਲ ਰਾਮਪੁਰਾ ਫੂਲ ਤੋਂ ਗੈਰ ਹਾਜ਼ਰ ਚੱਲ ਰਿਹਾ ਹੈ। ਅੱਜ ਦੇ ਧਰਨੇ ਨੂੰ ਉਸ ਸਮੇਂ ਹੋਰ ਬੱਲ ਮਿਲਿਆ ਜਦੋਂ ਪੰਜਾਬ ਸੀਟੂ ਜਥੇਬੰਦੀ ਦੇ ਮੀਤ ਪ੍ਰਧਾਨ ਬਲਕਾਰ ਸਿੰਘ, ਗੁਰਦੀਪ ਸਿੰਘ ਜੁਆਇੰਟ ਸਕੱਤਰ ਲਹਿਰਾ ਮੁਹੱਬਤ ਤੇ ਡਾਕਟਰ ਸੁਖਮੰਦਰ ਸਿੰਘ ਬਾਠ ਨੇ ਸੰਘਰਸ਼ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਗਰ ਕੌਂਸਲ ਰਾਮਪੁਰਾ ਦੇ ਈਓ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।