ਦੁਕਾਨਦਾਰ ਵੱਲੋਂ ਪਰਿਵਾਰ ਸਮੇਤ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 25 ਜੁਲਾਈ
ਦੁਕਾਨ ਅੱਗੇ ਇੱਕ ਰੇਹੜੀ ਵਾਲੇ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਤੋਂ ਦੁਖੀ ਦੁਕਾਨਦਾਰ ਨੇ ਅੱਜ ਸਥਾਨਕ ਨਗਰ ਕੌਂਸਲ ਦਫਤਰ ਸਾਹਮਣੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਮਰਥਕਾਂ ਨਾਲ ਰੋਸ ਧਰਨਾ ਦੇ ਕੇ ਨਗਰ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ।
ਇਸ ਮੌਕੇ ਰੋਸ ਧਰਨੇ ’ਚ ਬੈਠੇ ਦੁਕਾਨਦਾਰ ਸੰਨੀ ਬਹਿਲ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਬਿਮਾਰ ਰਹਿੰਦੇ ਹਨ ਅਤੇ ਉਹ ਸ਼ਹਿਰ ਦੇ ਤਲਵੰਡੀ ਗੇਟ ਦੇ ਬਾਹਰ ਬਣੀ ਨਗਰ ਕੌਂਸਲ ਦੀ ਮਾਰਕੀਟ ਵਿੱਚ ਇੱਕ ਕਿਰਾਏ ਵਾਲੀ ਦੁਕਾਨ ਵਿੱਚ ਛੋਟਾ ਮੋਟਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਿਹਾ ਹੈ ਪ੍ਰੰਤੂ ਇੱਕ ਪਰਵਾਸੀ ਰੇਹੜੀ ਵਾਲਾ ਉਨ੍ਹਾਂ ਦੀ ਦੁਕਾਨ ਅੱਗੇ ਰੋਜ਼ਾਨਾ ਧੱਕੇ ਨਾਲ ਆਪਣੀ ਫਲਾਂ ਦੀ ਰੇਹੜੀ ਲਗਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਵਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਉਕਤ ਰੇਹੜੀ ਵਾਲਾ ਆਪਣੀ ਰੇਹੜੀ ਦੁਕਾਨ ਦੇ ਸਾਹਮਣੇ ਤੋਂ ਨਾ ਹਟਾਉਣ ਲਈ ਬਜ਼ਿੱਦ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਨਗਰ ਕੌਂਸਲ ਅਧਿਕਾਰੀਆਂ ਤੋਂ ਇਲਾਵਾ ਰਾਏਕੋਟ ਪੁਲੀਸ ਪ੍ਰਸ਼ਾਸਨ ਨੂੰ ਕਈ ਵਾਰ ਦਰਖਾਸਤਾਂ ਦੇ ਚੁੱਕਾ ਹੈ ਪ੍ਰੰਤੂ ਕਿਸੇ ਵੀ ਥਾਂ ’ਤੇ ਉਸ ਦੀ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਅੱਜ ਉਹ ਨਗਰ ਕੌਂਸਲ ਦਫਤਰ ਸਾਹਮਣੇ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਦੇਣ ਲਈ ਮਜਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਨਗਰ ਪ੍ਰਸ਼ਾਸਨ ਕੋਲੋਂ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਨਗਰ ਕੌਂਸਲ ਦਫਤਰ ਸਾਹਮਣੇ ਅਣਮਿੱਥੇ ਸਮੇਂ ਲਈ ਪਰਿਵਾਰ ਸਮੇਤ ਭੁੱਖ ਹੜਤਾਲ ਤੇ ਬੈਠਣਗੇ।
ਇਸ ਸਬੰਧੀ ਜਦ ਕਾਰਜਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇੱਕ ਦੋ ਦਨਿਾਂ ਤੱਕ ਉੱਥੋਂ ਰੇਹੜੀ ਹਟਵਾ ਦੇਣਗੇ। ਇਸ ਮੌਕੇ ਰੋਸ ਧਰਨੇ ਵਿੱਚ ਗੁਰਸੇਵਕ ਸਿੰਘ ਮਿੱਠਾ, ਤੇਜਿੰਦਰ ਸਿੰਘ, ਰਾਜਿੰਦਰ ਸਿੰਘ ਕਾਕਾ ਪ੍ਰਧਾਨ, ਰਾਜੂ ਤਲਵੰਡੀ, ਦਰਸ਼ੀ ਚੀਮਾ, ਡਾ. ਦਵਿੰਦਰ ਸਿੰਘ, ਪਿੰਟੂ ਗਰੇਵਾਲ, ਹਰਿੰਦਰ ਸਿੰਘ, ਜਸਵੀਰ ਸਿੰਘ, ਦੇਬੀ ਰਾਏਕੋਟ ਆਦਿ ਵੀ ਸ਼ਾਮਲ ਸਨ।