ਭਾਖੜਾ ’ਚੋਂ ਪਾਣੀ ਲੈਣ ਲਈ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਸਤੰਬਰ
ਭਾਖੜਾ ਨਹਿਰ ’ਚੋਂ ਪੰਜਾਬ ਦੇ ਹਿੱਸੇ ਦਾ 400 ਕਿਊਸਿਕ ਮੀਟਰ ਪਾਣੀ ਮਾਨਸਾ ਇਲਾਕੇ ਨੂੰ ਦੇਣ ਦੀ ਮੰਗ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਅੱਜ ਇਥੇ ਨਹਿਰੀ ਵਿਭਾਗ ਦੇ ਐਕਸੀਅਨ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਭਾਖੜਾ ਨਹਿਰ ’ਚੋਂ ਮਿਲਣ ਵਾਲਾ ਪਾਣੀ ਕਿਸਾਨਾਂ ਨੂੰ ਪੰਜਾਬ ਪੈਟਰਨ ’ਤੇ ਦਿੱਤਾ ਜਾਵੇ ਤਾਂ ਜੋ ਇਸ ਇਲਾਕੇ ਦੇ ਕਿਸਾਨਾਂ ਵੱਲੋਂ ਧਰਤੀ ਹੇਠਲੇ ਖਾਰੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ। ਕਿਸਾਨਾਂ ਨੇ ਨਹਿਰੀ ਪਾਣੀ ਬੰਦੀ ਨਾ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਇਲਾਕੇ ਨੂੰ ਕਦੇ ਪੂਰਾ ਨਹਿਰੀ ਪਾਣੀ ਨਹੀਂ ਮਿਲਿਆ ਅਤੇ ਨਾ ਹੀ ਰਜਬਾਹਿਆਂ, ਨਹਿਰਾਂ, ਸੂਏ, ਕੱਸੀਆਂ ਦੀ ਸਮੇਂ ਸਿਰ ਸਫ਼ਾਈ ਕਰਵਾਈ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਟੇਲਾਂ ’ਤੇ ਪੂਰਾ ਪਾਣੀ ਦੇਣ ਦਾ ਵਾਰ-ਵਾਰ ਦਾਅਵਾ ਕਰਦੀ ਹੈ ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਇਹ ਹਿੱਕ ਥਾਪੜਕੇ ਨਹੀਂ ਕਹਿ ਸਕਦਾ ਕਿ ਉਸ ਦੇ ਇਲਾਕਿਆਂ ਵਿੱਚ ਟੇਲਾਂ ਵਾਲੇ ਪਿੰਡਾਂ ਵਿੱਚ ਪੂਰੀ ਮਾਤਰਾ ਵਿੱਚ ਪਾਣੀ ਪਹੁੰਚਦਾ ਹੋਵੇ। ਉਨ੍ਹਾਂ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨੇ ਇਸ ਇਲਾਕੇ ਵਿੱਚ ਭਾਖੜਾ ਨਹਿਰ ਤੋਂ ਕਿਸਾਨਾਂ ਨੂੰ ਪੂਰਾ ਪਾਣੀ ਦੇਣ ਦਾ ਉਪਰਾਲਾ ਨਾ ਕੀਤਾ ਤਾਂ 7 ਅਕਤੂਬਰ ਨੂੰ ਸਿੰਜਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਘਰ ਅੱਗੇ ਧਰਨਾ ਦੇ ਕੇ ਘਿਰਾਓ ਕੀਤਾ ਜਾਵੇਗਾ। ਨਹਿਰੀ ਵਿਭਾਗ ਦੇ ਐਸਡੀਓ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਤੋਂ ਮੰਗ ਪੱਤਰ ਲੈਂਦਿਆਂ ਭਰੋਸਾ ਦਿੱਤਾ ਕਿ ਕਿਸਾਨਾਂ ਦੀਆਂ ਤਕਲੀਫ਼ਾਂ ਉਪਰ ਪੂਰੀ ਗੌਰ ਕੀਤੀ ਜਾਵੇਗੀ।