ਪਾਵਰਕੌਮ ਦੇ ਠੇਕਾ ਕਾਮਿਆਂ ਵੱਲੋਂ ਕੈਬਨਿਟ ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਸ਼ਸ਼ੀਪਾਲ ਜੈਨ
ਖਰੜ, 25 ਜੁਲਾਈ
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਵਿਧਾਇਕਾ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਜਥੇਬੰਦੀ ਦੇ ਸੂਬਾ ਆਗੂ ਬਲਿਹਾਰ ਸਿੰਘ, ਸਰਕਲ ਪ੍ਰਧਾਨ ਜੰਗ ਸਿੰਘ, ਅਜੈ ਕੁਮਾਰ ਤੇ ਕੇਸਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ, ਵਿੱਤ ਮੰਤਰੀ, ਕਿਰਤ ਮੰਤਰੀ ਨਾਲ ਲਗਾਤਾਰ ਕਈ ਵਾਰ ਮੀਟਿੰਗਾਂ ਹੋਈਆਂ ਹਨ ਪਰ ਇਨ੍ਹਾਂ ਮੀਟਿੰਗਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਵੱਲੋਂ ਆਊਟ-ਸੋਰਸਿੰਗ ਸੀਐੱਚਬੀ ਤੇ ਡਬਲਿਊ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਰੈਗੂਲਰ ਕਰਨ, ਬਿਜਲੀ ਸਪਲਾਈ ਨੂੰ ਬਹਾਲ ਕਰਦਿਆਂ ਆਪਣੀਆਂ ਜਾਨਾਂ ਗੁਆ ਚੁੱਕੇ ਹਾਦਸਾ ਪੀੜਤ ਕਾਮਿਆਂ ਲਈ ਮੁਆਵਜ਼ਾ ਅਤੇ ਪੱਕੀ ਨੌਕਰੀ ਦਾ ਪ੍ਰਬੰਧ ਕਰਨ, ਘੱਟੋ-ਘੱਟ ਗੁਜ਼ਾਰੇ-ਯੋਗ ਤਨਖਾਹ ਨਿਸਚਿਤ ਕਰਨ, ਕੰਪਨੀਆਂ ਠੇਕੇਦਾਰਾਂ ਅਤੇ ਅਫਸਰਸ਼ਾਹੀ ਵੱਲੋਂ ਠੇਕਾ ਕਾਮਿਆਂ ਨਾਲ ਤਨਖਾਹਾਂ ’ਚ ਕਰੋੜਾਂ-ਅਰਬਾਂ ਰੁਪਏ ਦੇ ਕੀਤੇ ਘਪਲੇ ਦਾ ਭੁਗਤਾਨ ਕਰਨ ਅਤੇ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 24 ਜੁਲਾਈ ਨੂੰ ਬਿਜਲੀ ਮੰਤਰੀ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ’ਚ ਜੋ ਰਵੱਈਆ ਅਪਣਾਇਆ ਗਿਆ ਹੈ ਉਹ ਬਹੁਤ ਨਿੰਦਣਯੋਗ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਮੰਤਰੀ ਨੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਦਿਆਂ ਕਿਹਾ ਹੈ ਕਿ ਕਾਮੇ ਰੈਗੂਲਰ ਨਹੀਂ ਕੀਤੇ ਜਾ ਸਕਦੇ। ਜਥੇਬੰਦੀ ਦੇ ਆਗੂਆਂ ਵੱਲੋਂ ਮੰਗਾਂ ਦਾ ਹੱਲ ਨਾ ਹੋਣ ’ਤੇ ਬਿਜਲੀ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਫੀਲਡ ’ਚ ਬਿਜਲੀ ਮੰਤਰੀ ਦੇ ਘਿਰਾਓ ਦਾ ਐਲਾਨ ਕੀਤਾ ਅਤੇ ਮਿਤੀ 29 ਜੁਲਾਈ 2023 ਨੂੰ ਬਿਜਲੀ ਮੰਤਰੀ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਅਤੇ 15 ਅਗਸਤ 2023 ਨੂੰ ਝੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਸਮੇਤ ਬਿਜਲੀ ਮੰਤਰੀ ਅਤੇ ਹੋਰਨਾਂ ਮੰਤਰੀਆਂ ਦਾ ਕਾਲੇ ਝੰਡਿਆ ਨਾਲ ਵਿਰੋਧ ਕੀਤਾ ਜਾਵੇਗਾ।