ਖੇਤ ਮਜ਼ਦੂਰ ਯੂਨੀਅਨ ਵੱਲੋਂ ਏਡੀਸੀ ਦਫ਼ਤਰ ਅੱਗੇ ਧਰਨਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਪਰੈਲ
ਪਿੰਡ ਦਿਓਣ ’ਚ ਕਰੀਬ 35 ਸਾਲਾਂ ਤੋਂ ਸਰਕਾਰੀ ਜਗ੍ਹਾ ’ਤੇ ਕਾਬਜ਼ ਮਜ਼ਦੂਰਾਂ ਨੂੰ ਜਗ੍ਹਾ ਛੱਡਣ ਦੇ ਬਦਲੇ ਹੋਰ ਪਲਾਟ ਦੇਣ ਦੀ ਮੰਗ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਇਥੇ ਏਡੀਸੀ (ਵਿਕਾਸ) ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਨਦੀਪ ਸਿੰਘ ਸਬਿੀਆਂ ਤੇ ਤੀਰਥ ਸਿੰਘ ਕੋਠਾ ਗੁਰੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਿੱਖਿਆ ਸਿਖਲਾਈ ਦੀ ਜਗ੍ਹਾ ਉੱਪਰ ਮਜ਼ਦੂਰ 35 ਸਾਲਾਂ ਤੋਂ ਕਾਬਜ਼ ਸਨ ਅਤੇ ਉਨ੍ਹਾਂ ਨੂੰ ਬਦਲਵੀਂ ਥਾਂ ’ਤੇ ਪਲਾਟ ਦਿਵਾਉਣ ਲਈ ਸਾਲ ਭਰ ਤੋਂ ਪੜਾਅਵਾਰ ਸੰਘਰਸ਼ ਜਾਰੀ ਹੈ। ਆਗੂਆਂ ਅਨੁਸਾਰ ਤਤਕਾਲੀ ਡਿਪਟੀ ਕਮਿਸ਼ਨਰ ਦੀ ਹਾਜ਼ਰੀ ’ਚ ਬਦਲਵੀਂ ਥਾਂ ਦੇਣ ਬਾਰੇ ਫੈਸਲਾ ਹੋਇਆ ਸੀ, ਜਿਸ ਬਾਬਤ ਪਟਵਾਰੀ ਨੇ ਪਲਾਟਾਂ ਦਾ ਨਕਸ਼ਾ ਤਿਆਰ ਕਰਕੇ ਡੀਸੀ ਨੂੰ ਦੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਕਵਾਇਦ ਦੌਰਾਨ ਡੀਸੀ ਦੀ ਬਦਲੀ ਹੋ ਗਈ ਅਤੇ ਯੂਨੀਅਨ ਦੇ ਆਗੂ ਨਵੇਂ ਡੀਸੀ ਤੇ ਏਡੀਸੀ ਨੂੰ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਮਜ਼ਦੂਰਾਂ ਨੂੰ ਪਲਾਟਾਂ ਦੀ ਅਲਾਟਮੈਂਟ ਨਹੀਂ ਕਰਕੇ ਦੇ ਰਹੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮਜ਼ਦੂਰਾਂ ਨੂੰ ਪਲਾਟ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਮਜ਼ਦੂਰ ਕਬਜ਼ੇ ਵਾਲੀ ਥਾਂ ਤੋਂ ਨਹੀਂ ਉੱਠਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਨਿਰਮਲ ਸਿੰਘ ਅਤੇ ਮੱਖਣ ਸਿੰਘ ਨੇ ਮਜ਼ਦੂਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਧਰਨੇ ’ਚ ਕਾਕਾ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਮਲਕੀਤ ਕੌਰ, ਨਛੱਤਰ ਸਿੰਘ ਤੇ ਗੁਲਾਬ ਸਿੰਘ ਆਦਿ ਮਜ਼ਦੂਰ ਆਗੂ ਹਾਜ਼ਰ ਸਨ।