ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ’ਚ ਧਰਨਾ
ਜਗਤਾਰ ਲਾਂਬਾ
ਅੰਮ੍ਰਿਤਸਰ, 24 ਸਤੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਮਸਲਿਆਂ ਦਾ ਠੋਸ ਹੱਲ ਨਾ ਕੀਤੇ ਜਾਣ ਕਾਰਨ ਸਰਕਾਰ ਨੂੰ ਕੱਲ੍ਹ 12 ਵਜੇ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸਾਨ ਮੰਗਾਂ ਨੂੰ ਹੱਲ ਨਾ ਕੀਤਾ ਤਾਂ ਭਲਕੇ 25 ਸਤੰਬਰ ਨੂੰ ਰੇਲ ਰੋਕੋ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਸੂਬਾ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਵਿੱਚ ਧਰਨਾ ਦਿਤਾ ਗਿਆ ਸੀ ਜਿਸ ਵਿੱਚ ਮੰਗ ਕੀਤੀ ਗਈ ਕਿ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਮੁਆਵਜ਼ੇ ਦਿੱਤੇ ਜਾਣ, ਸ਼ੰਭੂ ਬਾਰਡਰ ਮੋਰਚੇ ਤੋਂ ਮੁੜਦੇ ਸਮੇਂ ਬੱਸ ਹਾਦਸੇ ਵਿੱਚ ਜ਼ਖਮੀ ਹੋਏ ਕਿਸਾਨਾਂ ਮਜਦੂਰਾਂ ਲਈ ਮੁਆਵਜ਼ੇ ਸਮੇਤ ਨਸ਼ਾ, ਪਰਾਲੀ, ਲੁੱਟਾਂ ਖੋਹਾਂ, ਭਾਰਤ ਮਾਲਾ ਪ੍ਰੋਜੈਕਟ ਸਬੰਧੀ ਮੁਸ਼ਕਿਲਾਂ, ਡੀਏਪੀ ਦੀ ਕਿੱਲਤ ਆਦਿ ਮਸਲਿਆਂ ਨੂੰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਧਰਨੇ ਦੌਰਾਨ ਮੰਗਾਂ ਦਾ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਰੋਕੋ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ।
ਕਿਸਾਨ ਆਗੂਆਂ ਦੱਸਿਆ ਕਿ ਅਫ਼ਸਰਸ਼ਾਹੀ ਦਾ ਰਵੱਈਆ ਬਿਲਕੁਲ ਉਦਾਸੀਨ ਰਿਹਾ ਅਤੇ ਸ਼ਹੀਦ ਕਿਸਾਨਾਂ ਦੇ ਮੁਆਵਜ਼ਿਆਂ ਤੋਂ ਇਲਾਵਾ ਹੋਰ ਕਿਸੇ ਵੀ ਮੰਗ ’ਤੇ ਤਸੱਲੀ ਵਾਲੀ ਕਾਰਵਾਈ ਨਹੀਂ ਸੀ। ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਜਥੇਬੰਦੀ ਰੇਲ ਚੱਕਾ ਜਾਮ ਨਹੀਂ ਕਰਨਾ ਚਾਹੁੰਦੀ ਜਿਸ ਕਾਰਨ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕੱਲ੍ਹ 12 ਵਜੇ ਤੱਕ ਸਮਾਂ ਦਿੱਤਾ ਗਿਆ ਹੈ। ਕੱਲ੍ਹ 12 ਵਜੇ ਤੱਕ ਕੋਈ ਰੇਲ ਜਾਮ ਨਹੀਂ ਹੋਏਗੀ ਪਰ ਜੇਕਰ ਸਰਕਾਰ ਮੰਗਾਂ ਦੇ ਹੱਲ ਵਾਸਤੇ ਕੋਈ ਹਾਮੀ ਨਹੀਂ ਭਰਦੀ ਅਤੇ ਮੰਗਾਂ ਬਾਰੇ ਸਥਿਤੀ ’ਚ ਸੁਧਾਰ ਨਹੀਂ ਕਰਦੀ ਤਾਂ ਕਿਸਾਨ 12 ਵਜੇ ਤੋਂ ਬਾਅਦ ਰੇਲ ਲਾਈਨ ਤੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਇਸ ਮੌਕੇ ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਘਨੂਪੁਰ ਕਾਲੇ, ਸਵਿੰਦਰ ਸਿੰਘ ਰੂਪੋਵਾਲੀ, ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚੱਕ ਮੰਗਜੀਤ ਸਿੰਘ ਸਿੱਧਵਾਂ, ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਿਰ ਸਨ।