ਸੰਯੁਕਤ ਕਿਸਾਨ ਮੋਰਚੇ ਵੱਲੋਂ ਫ਼ਸਲੀ ਮੁਆਵਜ਼ੇ ਲਈ ਧਰਨੇ
ਪੱਤਰ ਪ੍ਰੇਰਕ
ਮਾਨਸਾ, 12 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਸਾਹਮਣੇ ਪੰਜ ਰੋਜ਼ਾ ਧਰਨਾ ਆਰੰਭ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਵੱਲੋਂ ਆਗੂਆਂ ਭਰੋਸਾ ਦਿਵਾਉਣ ਤੋਂ ਬਾਅਦ ਧਰਨੇ ਨੂੰ ਮੁਲਤਵੀ ਕਰ ਦਿੱਤਾ ਗਿਆ। ਜਥੇਬੰਦੀਆਂ ਦੇ ਬੁਲਾਰਿਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ‘ਭਰੋਸਾ’ ਮਿੱਠੀ ਗੋਲੀ ਸਾਬਤ ਹੋਈ ਤਾਂ ਮੋਰਚੇ ਵੱਲੋਂ ਮੁੜ ਅੰਦੋਲਨ ਵਿੱਢਿਆ ਜਾਵੇਗਾ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਸਰਕਾਰ ਤੋਂ ਆਪਣੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਡੇ ਐਲਾਨਾਂ ਤੋਂ ਬਾਅਦ ਉਨ੍ਹਾਂ ‘ਤੇ ਪੂਰੀ ਨਾ ਉਤਰ ਕੇ, ਪਿਛਲੀਆਂ ਸਰਕਾਰਾਂ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਮੁੱਖ ਮੰਤਰੀ ਦੇ ਮਾਨਸਾ ਦੌਰੇ ਦੌਰਾਨ ਜਥੇਬੰਦਕ ਆਗੂਆਂ ਨੂੰ ਮਿਲਣ ਦਾ ਸਮਾਂਂ ਤੈਅ ਕਰ ਕੇ ਨਾ ਮਿਲਣਾ ਅਕਾਲੀਆਂ ਅਤੇ ਕਾਂਗਰਸੀਆਂ ਵਾਲੀ ਨੀਤੀ ਹੈ। ਅਜਿਹੀਆਂ ਨੀਤੀਆਂ ਸਰਕਾਰ ਦੇ ਬਦਲਾਅ ਵਾਲੀਆਂ ਨੀਤੀਆਂ ਦੇ ਉਲਟ ਹੈ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨਾਲ ਮੀਟਿੰਗ ਹੋਈ। ਇਸ ਦੌਰਾਨ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਫ਼ਸਲਾਂ ਦੀ ਰਹਿੰਦੀ ਮੁਆਵਜ਼ਾ ਰਕਮ ਸਬੰਧੀ 16 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਹੈ, ਰਕਮ ਜਲਦੀ ਦਿੱਤੀ ਜਾਵੇਗੀ।
ਇਸ ਮੌਕੇ ਦਰਸ਼ਨ ਸਿੰਘ, ਮੇਜਰ ਸਿੰਘ ਦੂਲੋਵਾਲ, ਛੱਜੂ ਰਾਮ ਰਿਸ਼ੀ, ਸੁਖਦੇਵ ਸਿੰਘ ਅਤਲਾ, ਡਾ. ਧੰਨਾ ਮੱਲ ਗੋਇਲ, ਬਲਵਿੰਦਰ ਸ਼ਰਮਾ, ਮੱਖਣ ਸਿੰਘ ਭੈਣੀਬਾਘਾ, ਨਰਿੰਦਰ ਕੌਰ ਬੁਰਜ ਹਮੀਰਾ, ਦਲਜੀਤ ਸਿੰਘ ਮਾਨਸਾਹੀਆ, ਸੁਰਜੀਤ ਮੀਆਂ, ਪੰਜਾਬ ਸਿੰਘ ਅਕਲੀਆ, ਮਹਿੰਦਰ ਸਿੰਘ ਭੈਣੀਬਾਘਾ, ਕੁਲਦੀਪ ਸਿੰਘ ਚੱਕ ਭਾਈਕੇ, ਸੁਖਚਰਨ ਦਾਨੇਵਾਲੀਆ, ਰੂਪ ਸਿੰਘ ਢਿੱਲੋਂ, ਦਵਿੰਦਰ ਸਿੰਘ, ਅਵਤਾਰ ਸਿੰਘ ਨੇ ਵੀ ਸੰਬੋਧਨ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ
ਨਥਾਣਾ (ਪੱਤਰ ਪ੍ਰੇਰਕ): ਕਣਕ ਦੀ ਫ਼ਸਲ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਧੜੇ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਅਤੇ ਡਕੌਂਦਾ ਧੜੇ ਦੇ ਰਾਜ ਮਹਿੰਦਰ ਸਿੰਘ ਕੋਟਭਾਰਾ ਨੇ ਕਿਹਾ ਕਿ ਪਹਿਲੀ ਜੂਨ ਤੋਂ ਲਗਾਤਾਰ ਚੱਲ ਰਹੇ ਧਰਨੇ ਦੌਰਾਨ ਨਾਇਬ ਤਹਿਸੀਲਦਾਰ ਅਤੇ ਐੱਸਡੀਐੱਮ ਦੇ ਘਿਰਾਓ ਸਮੇਂ ਅਧਿਕਾਰੀਆਂ ਨੇ ਮੁਆਵਜ਼ਾ ਰਕਮ ਕਿਸਾਨਾਂ ਦੇ ਖਾਤਿਆਂ ‘ਚ ਪਾਉਣ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਧਰਨੇ ਨੂੰ ਮਹਿਲਾ ਆਗੂਆਂ ਕਰਮਜੀਤ ਕੌਰ, ਸੁਖਜੀਤ ਕੌਰ, ਛਿੰਦਰਪਾਲ ਕੌਰ, ਕੁਲਵਿੰਦਰ ਕੌਰ, ਜਰਨੈਲ ਕੌਰ ਅਤੇ ਮਨਦੀਪ ਕੌਰ ਨੇ ਸੰਬੋਧਨ ਕੀਤਾ ਹੈ। ਕਿਸਾਨ ਆਗੂ ਬੂਟਾ ਸਿੰਘ ਤੁੰਗਵਾਲੀ ਅਤੇ ਲਖਵੀਰ ਸਿੰਘ ਨੇ ਪਿੰਡਾਂ ਦੇ ਕਿਸਾਨਾਂ ਨੂੰ ਹੱਕਾਂ ਲਈ ਸੰਘਰਸ਼ ਵਾਸਤੇ ਤਿਆਰ ਰਹਿਣ ਦਾ ਸੱਦਾ ਦਿੱਤਾ। ਧਰਨੇ ਵਿੱਚ ਵੱਡੀ ਗਿਣਤੀ ਬੀਬੀਆਂ ਵੀ ਸ਼ਾਮਲ ਸਨ।