ਸਵਾਤੀ ਮਾਲੀਵਾਲ ਵੱਲੋਂ ਧਰਨਾ ਸਮਾਪਤ
ਨਵੀਂ ਦਿੱਲੀ, 22 ਅਗਸਤ
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਜਬਰ-ਜਨਾਹ ਪੀੜਤ ਲੜਕੀ ਨਾਲ ਮੁਲਾਕਾਤ ਲਈ ਸੇਂਟ ਸਟੀਫਨ ਹਸਪਤਾਲ ਵਿੱਚ ਲਾਇਆ ਧਰਨਾ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਨੇ ਪੀੜਤਾ ਨਾਲ ਨਾ ਮਿਲਣ ਦੇਣ ’ਤੇ ਕੱਲ੍ਹ ਧਰਨਾ ਸ਼ੁਰੂ ਕੀਤਾ ਸੀ। ਜ਼ਿਕਰਯੋਗ ਹੈ ਕਿ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਉਕਤ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਸੀ ਜੋ ਹਾਲੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਸਵਾਤੀ ਮਾਲੀਵਾਲ ਧਰਨੇ ਦੌਰਾਨ ਪੀੜਤਾ ਨੂੰ ਨਹੀਂ ਮਿਲ ਸਕੀ ਤੇ ਅੱਜ ਦੁਪਹਿਰ ਵੇਲੇ ਹਸਪਤਾਲ ਤੋਂ ਚਲੀ ਗਈ। ਇਸ ਦੌਰਾਨ ਮਾਲੀਵਾਲ ਨੇ ਕਿਹਾ ਕਿ ਉਹ ਨੇ ਕੱਲ੍ਹ ਸਵੇਰੇ 11 ਵਜੇ ਹਸਪਤਾਲ ਆਈ ਸੀ, ਪਰ ਦਿੱਲੀ ਪੁਲੀਸ ਨੇ ਉਸ ਨੂੰ ਪੀੜਤਾ ਤੇ ਉਸ ਦੀ ਮਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਮਗਰੋਂ ਉਹ ਧਰਨੇ ’ਤੇ ਬੈਠ ਗਈ ਤੇ ਰਾਤ ਵੀ ਹਸਪਤਾਲ ਵਿੱਚ ਹੀ ਕੱਟੀ। ਉਨ੍ਹਾਂ ਸਵਾਲ ਕੀਤਾ ਕਿ ਪੁਲੀਸ ਉਸ ਨੂੰ ਪੀੜਤਾ ਨਾਲ ਮਿਲਣ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੀ? ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਨੇ ਦਿੱਲੀ ਪੁਲੀਸ ਅਤੇ ਸਥਾਨਕ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਅਤੇ ਸੇਵਾਵਾਂ ਵਿਭਾਗਾਂ ਨੂੰ ਨੋਟਿਸ ਭੇਜ ਕੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਅਗਲੀ ਕਾਰਵਾਈ ਲਈ ਨਾਬਾਲਗ ਅਤੇ ਉਸ ਦੀ ਮਾਂ ਨੂੰ ਮਿਲਣਾ ਜ਼ਰੂਰੀ ਹੈ।
ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ ਕਿਉਂਕਿ ਪੀੜਤਾ ਅਜੇ ਵੀ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। -ਪੀਟੀਆਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਮੁਖੀ ਸਵਾਤੀ ਮਾਲੀਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਦਿੱਲੀ ਪੁਲੀਸ ਨੂੰ ਹਦਾਇਤ ਕੀਤੀ ਜਾਵੇ ਕਿ ਉਸ ਨੂੰ ਜਬਰ-ਜਨਾਹ ਪੀੜਤ ਨਾਬਾਲਗ ਲੜਕੀ ਨਾਲ ਮੁਲਾਕਾਤ ਕਰਨ ਲਈ ਪ੍ਰਵਾਨਗੀ ਦਿੱਤੀ ਜਾਵੇ। ਸ੍ਰੀ ਸ਼ਾਹ ਨੂੰ ਲਿਖੇ ਪੱਤਰ ਵਿੱਚ ਸਵਾਤੀ ਮਾਲੀਵਾਲ ਨੇ ਇਸ ਗੱਲ ਦੀ ਜਾਂਚ ਮੰਗੀ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਕਿਉਂ ਹੋਈ ਹੈ ਤੇ ਪੀੜਤ ਲੜਕੀ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਕਿ ਉਸ ਦਾ ਬਿਹਤਰ ਇਲਾਜ ਕਰਵਾਇਆ ਜਾ ਸਕੇ।