ਭੁੱਲਰਹੇੜੀ ਵਿੱਚ ਗਰਿੱਡ ਲਾਉਣ ਦਾ ਕੰਮ ਚਾਲੂ ਕਰਵਾਉਣ ਲਈ ਧਰਨਾ ਜਾਰੀ
ਪੱਤਰ ਪ੍ਰੇਰਕ
ਧੂਰੀ, 28 ਜੁਲਾਈ
ਇੱਥੇ ਪਿੰਡ ਭੁੱਲਰਹੇੜੀ ਵਿੱਚ 66 ਕੇਵੀ ਗਰਿੱਡ ਲਾਉਣ ਦੇ ਰੁਕੇ ਕੰਮ ਨੂੰ ਚਲਾਉਣ ਲਈ ਸੰਘਰਸ਼ ਦੇ ਰਹੇ ਪਏ ਕਿਸਾਨਾਂ ਦਾ ਧਰਨਾ ਅੱਜ 33ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਪਾਵਰਕੌਮ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਲੋਕਾਂ ਦੀ ਇਸ ਵੱਡੀ ਸਹੂਲਤ ਦੇ ਮੱਦੇਨਜ਼ਰ ਕੰਮ ਮੁੜ ਚਾਲੂ ਕਰਵਾਉਣ ਲਈ ਰਾਹ ’ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਮੰਗ ਕੀਤੀ। ਸ਼ੂਗਰਕੇਨ ਸੁਸਾਇਟੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਬੀਕੇਯੂ ਰਾਜੇਵਾਲ ਦੇ ਪ੍ਰਧਾਨ ਜਸਦੇਵ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਵਿਵਾਦਾਂ ਵਿੱਚ ਘਿਰੇ ਇੱਕ ਟਰਾਂਸਮੀਟਰ ਟਾਵਰ ਦੇ ਮਾਮਲੇ ’ਚ ‘ਸਟੇਟਸ-ਕੋ’ ਕਾਰਨ ਵਿਭਾਗ ਵੱਲੋਂ ਕੰਮ ਰੋਕਣਾ ਸਮਝ ਵਿੱਚ ਆਉਂਦਾ ਹੈ ਪਰ ਹੈਰਾਨੀਜਨਕ ਹੈ ਕਿ ਜਿਹੜਾ ਗੈਰਵਿਵਾਦਤ ਕੰਮ ਹੈ ਵਿਭਾਗ ਉਹ ਕੰਮ ਕਰਨ ਤੋਂ ਲਗਾਤਾਰ ਆਨਾਕਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਆਰੰਭਿਆ ਜਨਤਕ ਸੰਘਰਸ਼ ਜਾਰੀ ਰੱਖਿਆ ਹੋਇਆ ਹੈ ਪਰ ਕਾਨੂੰਨ ਦੇ ਸਨਮਾਨ ਦੇ ਮੱਦੇਨਜ਼ਰ ਬਾਕਾਇਦਾ ਅਦਾਲਤੀ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਹ ਸੰਘਰਸ਼ ’ਤੇ ਡਟੇ ਰਹਿਣਗੇ।