ਪਿੰਡ ਕੰਨੀਆਂ ਕਲਾਂ ਦੀ ਫੈਕਟਰੀ ਬੰਦ ਕਰਵਾਉਣ ਲਈ ਧਰਨਾ ਜਾਰੀ
ਪੱਤਰ ਪ੍ਰੇਰਕ
ਸ਼ਾਹਕੋਟ, 29 ਅਕਤੂਬਰ
ਪਿੰਡ ਕੰਨੀਆਂ ਕਲਾਂ ਵਿੱਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਵੱਲੋਂ ਫੈਕਟਰੀ ਅੱਗੇ ਲਗਾਇਆ ਧਰਨਾ 7 ਵੇਂ ਦਿਨ ’ਚ ਦਾਖਲ ਹੋ ਗਿਆ। ਧਰਨਾਕਾਰੀਆਂ ਨੇ ਅੱਜ ਐੱਸਡੀਐੱਮ ਸ਼ਾਹਕੋਟ ਸ਼ੁਭੀ ਆਂਗਰਾ ਨੂੰ ਮੰਗ ਪੱਤਰ ਦੇ ਕੇ ਫੈਕਟਰੀ ਨੂੰ ਬੰਦ ਕਰਵਾਉਣ ਲਈ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਮੰਗ ਕੀਤੀ। ਐੱਸਡੀਐੱਮ ਆਂਗਰਾ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਸਬੰਧੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦੇਣਗੇ।
ਮੰਗ ਪੱਤਰ ਦੇਣ ਵਾਲਿਆਂ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਾਜਿੰਦਰ ਸਿੰਘ ਨੰਗਲ ਅੰਬੀਆਂ ਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡੋਵਾਲ, ਕੰਨੀਆਂ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਸ਼ੇਰਾ, ਨੰਗਲ ਅੰਬੀਆਂ ਖੁਰਦ ਦੇ ਸਰਪੰਚ ਸੁਖਦੇਵ ਸਿੰਘ, ਰਵੇਲ ਸਿੰਘ, ਜਸਪਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਸ਼ਾਮਿਲ ਸਨ।
ਧਰਨਾਕਾਰੀ ਖਦਸ਼ਾ ਪ੍ਰਗਟ ਕਰ ਰਹੇ ਹਨ ਕਿ ਫੈਕਟਰੀ ਵਾਲਿਆਂ ਨੇ ਫੈਕਟਰੀ ਦੇ ਗੰਦੇ ਕੈਮੀਕਲ (ਵੇਸਟੇਜ ਪਾਣੀ) ਨੂੰ ਸਿੱਧਾ ਧਰਤੀ ਵਿੱਚ ਪਾਉਣ ਲਈ ਬੋਰ ਕੀਤੇ ਹੋਏ ਹਨ। ਫੈਕਟਰੀ ਦਾ ਪਾਣੀ ਸਿੱਧਾ ਧਰਤੀ ਵਿੱਚ ਪਾਉਣ ਨਾਲ ਇਲਾਕੇ ਦਾ ਪਾਣੀ ਪ੍ਰਦੂਸ਼ਿਤ ਹੋ ਜਾਵੇਗਾ। ਇਨ੍ਹਾਂ ਖਦਸ਼ਿਆਂ ਨੂੰ ਦੇਖਦਿਆਂ ਹੀ ਇਲਾਕਾ ਵਾਸੀ ਪਿਛਲੇ ਸੱਤ ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ ਪਰ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਫੈਕਟਰੀ ਬੰਦ ਨਹੀ ਹੋ ਜਾਂਦੀ, ਧਰਨਾ ਜਾਰੀ ਰਹੇਗਾ।