ਡਾਕਟਰਾਂ ਦੀ ਘਾਟ ਖ਼ਿਲਾਫ਼ ਕਲਾਨੌਰ ਹਸਪਤਾਲ ਅੱਗੇ ਧਰਨਾ ਜਾਰੀ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 25 ਸਤੰਬਰ
ਡਾਕਟਰਾਂ ਤੇ ਹੋਰ ਅਮਲੇ ਦੀ ਘਾਟ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਕਲਾਨੌਰ ਹਸਪਤਾਲ ਅੱਗੇ ਲਾਇਆ ਅਣਮਿੱਥੇ ਸਮੇਂ ਲਈ ਧਰਨਾ ਅੱਜ 29ਵੇਂ ਦਿਨ ਵਿੱਚ ਸਾਮਲ ਹੋ ਗਿਆ ਹੈ। ਅੱਜ ਦੇ ਧਰਨੇ ’ਤੇ ਬੈਠੇ ਜਥੇ ਦੀ ਅਗਵਾਈ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮੰਗਤ ਸਿੰਘ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਮੰਗਤ ਸਿੰਘ, ਗੁਰਦੀਪ ਸਿੰਘ ਕਾਮਲਪੁਰ ਅਤੇ ਵੈਟਰਨਰੀ ਡਾ. ਬਲਵੀਰ ਸਿੰਘ ਪੀਰਾਂ ਬਾਗ ਨੇ ਕਿਹਾ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇਨਕਲਾਬ ਦਾ ਝੂਠਾ ਲਾਰਾ ਲਾ ਕੇ ਵੋਟਾਂ ਹਥਿਆਈਆਂ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਰਕਾਰ ਵੀ ਕਾਂਗਰਸੀਆਂ ਅਤੇ ਅਕਾਲੀਆਂ ਦੇ ਰਾਹ ਤੁਰ ਪਈ ਹੈ। ਹਸਪਤਾਲਾਂ ਸਣੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਟਾਫ ਦੀ ਘਾਟ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ। ਕਲਾਨੌਰ ਹਸਪਤਾਲ ਵਿੱਚ ਕਾਫੀ ਸਮੇਂ ਤੋਂ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਕਰਕੇ ਇਸ ਸਰਹੱਦੀ ਇਲਾਕੇ ਲਗਪਗ 50 ਦੇ ਲੋਕ ਸਿਹਤ ਸੇਵਾਵਾਂ ਤੋਂ ਪ੍ਰੇਸ਼ਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਧਰਨੇ ਦੇ ਅੱਜ 29 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਕਲਾਨੌਰ ਹਸਪਤਾਲ ਵਿੱਚ ਡਾਕਟਰਾਂ ਤੇ ਹੋਰ ਅਮਲੇ ਦੀ ਤਰੁੰਤ ਪੂਰਤੀ ਕੀਤੀ ਜਾਵੇ। ਅੱਜ ਧਰਨੇ ਵਿੱਚ ਮੰਗਤ ਸਿੰਘ ਜੀਵਨ ਚੱਕ, ਭਗਵਾਨ ਸਿੰਘ, ਅਜੀਤ ਸਿੰਘ, ਕੁਲਦੀਪ ਸਿੰਘ, ਆਸਾ ਸਿੰਘ, ਕਸ਼ਮੀਰ ਸਿੰਘ ਦੋਸਤਪੁਰ, ਡਾ. ਬਲਵੀਰ ਸਿੰਘ, ਕੁਲਵਿੰਦਰ ਸਿੰਘ ਪੀਰਾਂ ਬਾਗ, ਆਤਮਾ ਸਿੰਘ, ਕਸਮੀਰ ਮਸੀਹ,ਵੀਰ ਮਸੀਹ, ਹਰਜੀਤ ਸਿੰਘ ਦੋਸਤਪੁਰ, ਸੁਰਜਨ ਸਿੰਘ, ਵੀਰ ਸਿੰਘ ਅਤੇ ਕਰਤਾਰ ਸਿੰਘ ਕਲਾਨੌਰ ਹਾਜ਼ਰ ਸਨ।