ਪੰਚਾਇਤੀ ਜ਼ਮੀਨ ’ਚੋਂ ਮਿੱਟੀ ਪੁੱਟਣ ਦੇ ਮਾਮਲੇ ਵਿੱਚ ਕਾਰਵਾਈ ਲਈ ਧਰਨਾ ਜਾਰੀ
ਪੱਤਰ ਪ੍ਰੇਰਕ
ਮੁਕੇਰੀਆਂ, 14 ਨਵੰਬਰ
ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਨੰਗਲ ਅਵਾਣਾ ਅਤੇ ਕਾਲੂ ਚਾਂਗ ਵਾਸੀਆਂ ਵਲੋਂ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਰਾਹੀਂ ਚੋਰੀ ਮਿੱਟੀ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਲਈ 31 ਅਗਸਤ ਤੋਂ ਲਗਾਇਆ ਲਗਾਤਾਰ ਧਰਨਾ ਅੱਜ ਵੀ ਜਾਰੀ ਰਿਹਾ। ਇਸ ਰੋਸ ਧਰਨੇ ਦੀ ਅਗਵਾਈ ਨਰੇਸ਼ ਕੁਮਾਰ ਭੰਗਾਲਾ ਅਤੇ ਪ੍ਰੀਕਸ਼ਿਤ ਸਿੰਘ ਨੇ ਕੀਤੀ ਅਤੇ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਚਾਇਤੀ ਅਧਿਕਾਰੀਆਂ ਵਲੋਂ ਕਥਿਤ ਦੋਸ਼ੀ ਸਰਪੰਚਾਂ ਖਿਲਾਫ਼ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਇਸ ਵਿੱਚ ਪੰਚਾਇਤੀ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਖਣਨ ਦੀ ਪੁਸ਼ਟੀ ਹੋਣ ਦੇ ਬਾਵਜੂਦ ਸਬੰਧਿਤ ਲੋਕਾਂ ਖਿਲਾਫ਼ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਅਧਿਕਾਰੀ ਭ੍ਰਿਸ਼ਟਾਚਾਰੀਆਂ ਦੀ ਪਿੱਠ ਥਾਪੜ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਿੱਟੀ ਚੋਰਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਜਿੇ ਸਿੰਘ ਪੋਤਾ, ਸੋਮਰਾਜ, ਪ੍ਰੀਕਸ਼ਿਤ ਸਿੰਘ, ਯਸ਼ਪਾਲ ਸਿੰਘ ਆਦਿ ਵੀ ਹਾਜ਼ਰ ਸਨ।