ਭਾਕਿਯੂ ਉਗਰਾਹਾਂ ਵੱਲੋਂ ਕਾਲਾਝਾੜ ਪਲਾਜ਼ਾ ’ਤੇ ਧਰਨਾ ਜਾਰੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਅਕਤੂਬਰ
ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਕਾਲਾਝਾੜ ਟੌਲ ਪਲਾਜ਼ਾ ’ਤੇ ਅੱਜ ਦੂਜੇ ਦਿਨ ਵੀ ਟੌਲ ਪਰਚੀ ਮੁਫ਼ਤ ਕਰ ਕੇ ਪੱਕਾ ਮੋਰਚਾ ਜਾਰੀ ਰੱਖਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਸਮੇਤ ਹੋਰ ਮੰਗਾਂ ਪੂਰੀਆਂ ਹੋਣ ਤੱਕ ਪੱਕੇ ਮੋਰਚੇ ਜਾਰੀ ਰਹਿਣਗੇ। ਇਸ ਮੌਕੇ ਬਲਾਕ ਆਗੂ ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜ੍ਹਪੁਰ, ਅਮਨਦੀਪ ਸਿੰਘ ਮਹਿਲਾਂ, ਕਰਮ ਚੰਦ ਪੰਨਵਾਂ, ਕਸ਼ਮੀਰ ਸਿੰਘ ਆਲੋਅਰਖ, ਜਸਵਿੰਦਰ ਕੌਰ ਮਹਿਲਾਂ ਚੌਂਕ, ਜਸਪਾਲ ਕੌਰ ਆਲੋਅਰਖ ਅਤੇ ਕੁਲਦੀਪ ਕੌਰ ਘਾਬਦਾਂ ਨੇ ਵੀ ਸੰਬੋਧਨ ਕੀਤਾ।
'
ਪਟਿਆਲਾ: ਦੋ ਟੌਲ ਪਲਾਜ਼ੇ ਪਰਚੀ-ਮੁਕਤ ਰਹੇ
ਪਟਿਆਲਾ (ਖੇਤਰੀ ਪ੍ਰਤੀਨਿਧ): ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮਾਮਲੇ ’ਚ ਪ੍ਰਸ਼ਾਸ਼ਨ ਦੀ ਮਾੜੀ ਕਾਰਗੁਜਾਰੀ ਦੇ ਹਵਾਲੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦੀ ਅਗਵਾਈ ਹੇਠਾਂ ਅੱਜ ਲਗਾਤਾਰ ਦੂਜੇ ਦਿਨ ਵੀ ਦੋ ਟੌਲ ਪਲਾਜ਼ਿਆਂ ’ਤੇ ਪਰਚੀ-ਮੁਕਤ ਕਰਨ ਦੋ ਪ੍ਰੋਗਰਾਮ ਜਾਰੀ ਰੱਖਿਆ ਗਿਆ ਜਿਸ ਦੌਰਾਨ ਕਿਸਾਨਾਂ ਨੇ ਰਾਤ ਨੂੰ ਵੀ ਇੱਥੇ ਹੀ ਡੇਰੇ ਲਾਈ ਰੱਖੇ ਤੇ ਇੱਥੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਗਈ। ਇਸ ਦੌਰਾਨ ਰਾਜਪੁਰਾ ਰੋਡ ’ਤੇ ਪੈਂਦੇ ਧਰੇੜੀ ਜੱਟਾਂ ਵਾਲੇ ਟੌਲ ਪਲਾਜ਼ਾ ’ਤੇ ਜਾਰੀ ਇਸ ਐਕਸ਼ਨ ਦੀ ਅਗਵਾਈ ਮਾਸਟਰ ਬਲਰਾਜ ਜੋਸ਼ੀ ਕਰ ਰਹੇ ਹਨ ਜਦਕਿ ਪਾਤੜਾਂ ਖੇਤਰ ’ਚ ਸਥਿਤ ਪਿੰਡ ਪੈਂਦ ਵਿਚਲੇ ਟੌਲ ਪਲਾਜ਼ਾ ’ਤੇ ਜਾਰੀ ਕਿਸਾਨ ਯੂਨੀਅਨ ਉਗਰਾਹਾਂ ਦੇ ਦੂਜੇ ਧਰਨੇ/ਐਕਸ਼ਨ ਦੀ ਅਗਵਾਈ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ ਨੇ ਕਿਹਾ ਕਿ ਯੂਨੀਅਨ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ।