ਭੱਠਲ ਇੰਜਨੀਅਰਿੰਗ ਕਾਲਜ ਬੰਦ ਕਰਨ ਖ਼ਿਲਾਫ਼ ਧਰਨਾ ਜਾਰੀ
ਪੱਤਰ ਪ੍ਰੇਰਕ
ਲਹਿਰਾਗਾਗਾ, 17 ਨਵੰਬਰ
ਇੱਥੇ ਸਰਕਾਰੀ ਇੰਜਨੀਅਰ ਕਾਲਜ ਨੂੰ ਬੰਦ ਕਰਨ ਅਤੇ 100 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਸਬੰਧੀ ਪਿਛਲੇ ਮਹੀਨੇ ਤੋਂ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਗੇਟ ਸਾਹਮਣੇ ਐਕਸ਼ਨ ਕਮੇਟੀ ਵੱਲੋਂ ਧਰਨਾ ਲਗਾਇਆ ਹੋਇਆ ਹੈ। ਐਕਸ਼ਨ ਕਮੇਟੀ ਵੱਲੋਂ ਪਿੰਡਾਂ ’ਚ ਵੀ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਹਨ।
ਇਸ ਤਹਿਤ ਕ੍ਰਾਂਤੀਕਾਰੀ ਮਜ਼ਦੂਰ ਪਾਰਟੀ ਵਿਗਾਸ ਨੇ ਵੀ ਕਾਲਜ ਦੇ ਮੁਲਾਜ਼ਮਾਂ ਦੀ ਹਮਾਇਤ ’ਚ ਧਰਨੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ,‘ਜਿਹੜੀ ਸਰਕਾਰ ਚੋਣਾਂ ਵੇਲੇ ਇਹ ਵਾਅਦੇ ਕਰਦੀ ਸੀ ਕਿ ਅਸੀਂ ਹਰ ਇੱਕ ਨੂੰ ਰੁਜ਼ਗਾਰ ਦੇਵਾਂਗੇ ਅਤੇ ਕੋਈ ਵੀ ਬੇਰੁਜ਼ਗਾਰ ਨਹੀਂ ਰਹੇਗਾ। ਹਰਾ ਪੈੱਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਚੱਲੇਗਾ ਪਰ ਹੋਇਆ ਇਸ ਦੇ ਬਿਲਕੁਲ ਉਲਟ ਰੁਜ਼ਗਾਰ ਦੇਣ ਦੀ ਬਜਾਏ ਸਰਕਾਰ ਨੇ ਜੋ ਪਹਿਲਾਂ ਤੋਂ ਰੁਜ਼ਗਾਰ ’ਤੇ ਲੱਗੇ ਹੋਏ ਸਨ, ਉਨ੍ਹਾਂ ਨੂੰ ਵੀ ਬੇਰੁਜ਼ਗਾਰ ਕਰ ਦਿੱਤਾ ਹੈ। ਇਸ ਕਾਰਨ ਪੰਜਾਬ ਦੇ ਲੱਖਾਂ ਹੀ ਬੇਰੁਜ਼ਗਾਰ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ। ਇਸ ਮੌਕੇ ਸੇਬੀ ਖੰਡੇਬਾਦ ਸੰਦੀਪ ਖੰਡੇਬਾਦ ਬੱਬੀ ਲਹਿਰਾਗਾਗਾ ਨੇ ਸੰਬੋਧਨ ਕੀਤਾ।