ਖਿੱਚ-ਧੂਹ ਮਾਮਲਾ: ਪੱਤਰਕਾਰਾਂ ਵੱਲੋਂ ਸਦਰ ਥਾਣੇ ਅੱਗੇ ਧਰਨਾ
ਪਵਨ ਕੁਮਾਰ ਵਰਮਾ
ਧੂਰੀ, 6 ਨਵੰਬਰ
ਇੱਥੇ ਥਾਣਾ ਸਦਰ ਵਿੱਚ ਲੰਘੀ ਸ਼ਾਮ ਮਾਹੌਲ ਉਸ ਵੇਲੇ ਭਖ ਗਿਆ, ਜਦੋਂ ਧੂਰੀ ਦੇ ਪੱਤਰਕਾਰ ਭਾਈਚਾਰੇ ਨੇ ਥਾਣੇ ਅੱਗੇ ਧਰਨਾ ਦਿੰਦਿਆਂ ਪੁਲੀਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੱਤਰਕਾਰ ਨਾਲ ਖਿੱਚ-ਧੂਹ ਕਰਨ ਦੇ ਮਾਮਲੇ ਵਿੱਚ ਝੂਠੀ ਦਰਖਾਸਤ ਦੇਣ ਵਾਲੇ ਦੁਕਾਨਦਾਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਧਰਨੇ ਵਿੱਚ ਪੱਤਰਕਾਰ ਯੂਨੀਅਨ ਸ਼ੇਰਪੁਰ ਦੇ ਪ੍ਰਧਾਨ ਅਤੇ ਧੂਰੀ ਦੇ ਆਗੂ ਬੀਰਬਲ ਰਿਸ਼ੀ, ਪੰਜਾਬ ਜਨਰਲਿਸਟ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੰਜੇ ਲਹਿਰੀ, ਚੇਅਰਮੈਨ ਸੰਜੀਵ ਜੈਨ ਨੇ ਦੀਵਾਲੀ ਦੇ ਦਿਨਾਂ ਵਿੱਚ ਅਕਸਰ ਹੀ ਚਰਚਾ ਵਿੱਚ ਰਹਿੰਦੇ ਇੱਕ ਸਰਮਾਏਦਾਰ ਪਰਿਵਾਰ ਦੇ ਵਿਹਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਹਰੇਕ ਖਰੀਦੇ ਗਏ ਮਾਲ ਦੇ ਬਿੱਲ ਲੈਣ ਲਈ ਗਾਹਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਜਦੋਂ ਇੱਕ ਪੱਤਰਕਾਰ ਨੇ 5500 ਰੁਪਏ ਦੇ ਖਰੀਦੇ ਪਟਾਕਿਆਂ ਦਾ ਬਿੱਲ ਮੰਗਿਆ ਤਾਂ ਦੁਕਾਨਦਾਰ ਨੇ ਜਿੱਥੇ ਪੱਤਰਕਾਰ ਨਾਲ ਖਿੱਚ-ਧੂਹ ਕੀਤੀ, ਉਥੇ ਹੀ ਪੁਲੀਸ ਨੂੰ ਬੁਲਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦੁਕਾਨਦਾਰ ਨੇ ਪੱਤਰਕਾਰ ਖਿਲਾਫ਼ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਦੀ ਝੂਠੀ ਦਰਖਾਸਤ ਦਿੱਤੀ ਹੈ। ਆਗੂਆਂ ਨੇ ਪੱਤਰਕਾਰ ਕੋਲ ਮੌਜੂਦ ਵੀਡਿਓ ਅਤੇ ਗੁਦਾਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕਰਨ ਦੀ ਮੰਗ ਕਰਦਿਆਂ ਝੂਠੀ ਦਰਖਾਸਤ ਦੇਣ ਵਾਲੇ ਖਿਲਾਫ਼ ਮੁੱਕਦਮਾ ਦਰਜ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਸਮਰਥਨ ਦੇਣ ਪੁੱਜੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ, ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸ਼ਰਮਾ ਨੇ ਸਰਮਾਏਦਾਰ ਅਤੇ ਸਰਕਾਰੀ ਗੱਠਜੋੜ ਦੀ ਨਿੰਦਾ ਕੀਤੀ। ਇਸ ਮੌਕੇ ਪੁੱਜੇ ਕਪਤਾਨ ਪੁਲੀਸ ਧੂਰੀ ਮਨਦੀਪ ਸਿੰਘ ਸੰਧੂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਦਰਖਾਸਤਕਾਰ ਖਿਲਾਫ਼ ਕਾਰਵਾਈ ਕਰਨ ਦਾ ਭਰੌਸਾ ਦੇ ਕੇ ਧਰਨੇ ਨੂੰ ਸਮਾਪਤ ਕਰਵਾਇਆ। ਪੱਤਰਕਾਰ ਆਗੂਆਂ ਨੇ ਦੱਸਿਆ ਕਿ ਪੱਤਰਕਾਰਾਂ ਨੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ 10 ਨਵੰਬਰ ਨੂੰ ਮੀਟਿੰਗ ਵੀ ਸੱਦੀ ਹੈ। ਧਰਨੇ ਵਿੱਚ ਪੱਤਰਕਾਰ ਲਖਵੀਰ ਸਿੰਘ ਧਾਂਦਰਾ, ਮਨੋਹਰ ਸਿੰਘ ਸੱਗੂ, ਦਵਿੰਦਰ ਖੀਪਲ, ਹਰਦੀਪ ਸਿੰਘ ਸੋਢੀ, ਅਸ਼ਵਨੀ ਸਿੰਗਲਾ, ਜਸਵੀਰ ਸਿੰਘ ਮਾਨ, ਸੰਦੀਪ ਸਿੰਗਲਾ, ਰਾਜੇਸ਼ਵਰ ਪਿੰਟੂ, ਅਮਨਦੀਪ ਗਰਗ, ਬਿਨੀ ਗਰਗ, ਵਾਸੂ ਗਰਗ, ਅਮਿਤ ਗਰਗ ਤੇ ਨਰੇਸ਼ ਅੱਤਰੀ ਆਦਿ ਵੀ ਹਾਜ਼ਰ ਸਨ।