ਮਜ਼ਦੂਰਾਂ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਰਮਨਦੀਪ ਸਿੰਘ
ਚਾਉਕੇ, 10 ਜੂਨ
ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਵੱਲੋਂ ਹੱਕੀ ਮੰਗਾਂ ਲਈ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਅਕਲੀਆ ਤੇ ਭੀਮ ਭੁਪਾਲ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਇਸ ਸਮੇਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰ, ਔਰਤਾਂ ਤੇ ਮਜ਼ਦੂਰ ਨੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਮਨਰੇਗਾ ਦੇ ਬਜਟ ਨੂੰ ਖ਼ਜ਼ਾਨੇ ‘ਤੇ ਵੱਡਾ ਬੋਝ ਸਮਝਦੀ ਹੈ। ਸਰਕਾਰ ਨੇ ਪਿਛਲੇ ਚਾਰ ਸਾਲ ਵਿੱਚ ਮਗਨਰੇਗਾ ਦੇ ਬਜਟ ਵਿੱਚ 53 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਗ਼ਰੀਬ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਗ਼ਰੀਬ ਪਰਿਵਾਰ ਦਾ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਰਾਸ਼ਨ ਡਿੱਪੂਆਂ ਤੇ ਲੋਕਾਂ ਨੂੰ ਖ਼ੁਆਰ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੇ ਸਭ ਵਾਅਦੇ ਹਵਾ ਹੋ ਗਏ ਹਨ। ਉਲਟਾ ਕਰਜ਼ੇ ਬਦਲੇ ਗ਼ਰੀਬ ਲੋਕਾਂ ਦੇ ਘਰਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ।
ਆਗੂਆਂ ਨੇ ਮੰਗ ਕੀਤੀ ਕਿ ਸਾਲ ਵਿੱਚ ਮਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ, 700 ਰੁਪਏ ਦਿਹਾੜੀ ਅਤੇ ਇੱਕ ਪਰਿਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਾਰੰਟੀ ਕੀਤੀ ਜਾਵੇ। ਬਾਅਦ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹੈਂਡੀਕੈਪਡ ਯੂਨੀਅਨ ਦੇ ਆਗੂ ਭੀਮ ਭੁਪਾਲ, ਗੁਰਜਿੰਦਰ ਸਿੰਘ ਬੁਬਾਣੀਆਂ, ਗੁਰਦੇਵ ਸਿੰਘ ਕਰਿਆੜਵਾਲਾ, ਕਰਮਜੀਤ ਕੌਰ ਗਿੱਲ ਕਲਾਂ, ਕਿਰਨਦੀਪ ਕੌਰ ਬਦਿਆਲਾ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।