ਸਬਜ਼ੀ ਮੰਡੀ ਦੇ ਪ੍ਰਧਾਨ ਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਧਰਨਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਅਕਤੂਬਰ
ਜਲੰਧਰ ਬਾਈਪਾਸ ਨੇੜੇ ਕਾਰਾਬਾਰਾ ਰੋਡ ਸਥਿਤ ਸਬਜ਼ੀ ਮੰਡੀ ਦੇ ਬਾਹਰ ਅੱਜ ਸਵੇਰੇ ਸਬਜ਼ੀ ਮੰਡੀ ਦੇ ਪ੍ਰਧਾਨ ਗੁਰਕਮਲ ਸਿੰਘ ਇਲੂ ਨੇ ਰੇਹੜੀ-ਫੜ੍ਹੀ ਵਾਲਿਆਂ ਨੂੰ ਨਾਲ ਲੈ ਕੇ ਧਰਨਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕਿ ਸਬਜ਼ੀ ਮੰਡੀ ਦੇ ਠੇਕੇਦਾਰ ਨੀਰਜ ਚੌਧਰੀ ਵੱਲੋਂ ਪਾਰਕਿੰਗ ਲਈ ਵੱਧ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਤੱਕ ਸ਼ਿਕਾਇਤ ਵੀ ਭੇਜੀ ਗਈ ਹੈ। ਧਰਨੇ ਦੌਰਾਨ ਮੰਡੀ ਦਾ ਕੰਮ ਕਾਜ ਪ੍ਰਭਾਵਿਤ ਹੋਣ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ, ਜਿਸ ਮਗਰੋਂ ਏਸੀਪੀ ਦਵਿੰਦਰ ਚੌਧਰੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਗੁਰਕਮਲ ਸਿੰਘ ਇਲੂ ਦੀ ਅਗਵਾਈ ਹੇਠ ਰੇਹੜੀ-ਫੜ੍ਹੀ ਵਾਲੇ ਪੁਲੀਸ ਕਮਿਸ਼ਨਰ ਦਫ਼ਤਰ ਪਹੁੰਚੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪਾਰਕਿੰਗ ਦੇ ਠੇਕੇਦਾਰ ਨੀਰਜ ਚੌਧਰੀ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਉਹ ਮਾਰਚ ਮਹੀਨੇ ਤੋਂ ਕੰਮ ਕਰ ਰਿਹਾ ਹੈ ਤੇ ਇਸ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੇ ਵੀ ਸਹਿਮਤੀ ਜਤਾਈ ਹੈ। ਉਸ ਦਾ ਕਹਿਣਾ ਹੈ ਕਿ ਕਿਸੇ ਕੋਲੋਂ ਵੀ ਪਾਰਕਿੰਗ ਲਈ ਵਧੇਰੇ ਫੀਸ ਨਹੀਂ ਵਸੂਲੀ ਜਾ ਰਹੀ। ਨੀਰਜ ਚੌਧਰੀ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਪ੍ਰਧਾਨ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਕ ਕੇਸ ਦਰਜ ਹਨ। ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਬਠਲਾ ਨੇ ਕਿਹਾ ਕਿ ਠੇਕੇਦਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਓਵਰ ਚਾਰਜ ਨਹੀਂ ਲਿਆ ਜਾ ਰਿਹਾ। ਮੰਡੀ ਦੇ ਸਾਰੇ ਰੇਹੜੀ-ਫੜ੍ਹੀ ਵਾਲੇ ਉਸ ਦੇ ਨਾਲ ਹਨ ਅਤੇ ਉਨ੍ਹਾਂ ਵੱਲੋਂ ਮੰਡੀ ਦੇ ਠੇਕੇਦਾਰ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ ਗਈ।