ਕਿਸਾਨਾਂ ਵੱਲੋਂ ਥਾਣਾ ਪਸਿਆਣਾ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੂਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਪਟਿਆਲਾ-1 ਵੱਲੋਂ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਗੱਜੂਮਾਜਰਾ ਦੀ ਅਗਵਾਈ ਹੇਠ ਥਾਣਾ ਪਸਿਆਣਾ ਅੱਗੇ ਪੰਜਵੇਂ ਦਿਨ ਵੀ ਧਰਨਾ ਦਿੱਤਾ ਗਿਆ। ਉਹ ਪਿੰਡ ਮਾਲੋਮਾਜਰੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਰਜਿੰਦਰ ਸਿੰਘ ਨੂੰ ਲੱਗੀਆਂ ਸੱਟਾਂ ਸਬੰਧੀ ਦਰਜ ਕੀਤੇ ਗਏ ਕੇਸ ’ਚ ਇਰਾਦਾ ਕਤਲ ਦੀ ਧਾਰਾ 307 ਵੀ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ। ਇਸੇ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ ਪਿਛਲੇ ਦਿਨਾਂ ਤੋਂ ਇੱਥੇ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ਪਰ ਅੱਜ ਵੱਧ ਇਕੱਠ ਕਰ ਕੇ ਕਿਸਾਨ ਥਾਣੇ ਦੇ ਗੇਟ ਮੂਹਰੇ ਹੀ ਬੈਠ ਗਏ। ਇਸ ਮਗਰੋਂ ਸਮਾਣਾ ਦੇ ਡੀਐੱਸਪੀ ਨੇਹਾ ਅਗਰਵਾਲ ਅਤੇ ਥਾਣਾ ਸਦਰ ਸਮਾਣਾ ਦੇ ਐੱਸਐੱਚਓ ਅਵਤਾਰ ਸਿੰਘ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਸਮਾਣਾ ਤੋਂ ਪਟਿਆਲਾ ਪੁੱਜੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੀੜਤ ਧਿਰ ਦੇ ਇਕ ਮੈਂਬਰ ਦੇ ਸਿਰ ’ਚ ਵੱਜੀ ਸੱਟ ਸਬੰਧੀ ਪੁਲੀਸ ਨੇ ਸਿਟੀ ਸਕੈਨ ਦੀ ਰਿਪੋਰਟ ਪ੍ਰਾਪਤ ਕਰਦਿਆਂ ਇਸ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਸ਼ਾਮਲ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਜਲਦੀ ਗ੍ਰਿਫਤਾਰੀ ਦਾ ਭਰੋਸਾ ਵੀ ਦਿਵਾਇਆ। ਇਸ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਆਗੂ ਜਸਵਿੰਦਰ ਬਰਾਸ, ਜ਼ਿਲ੍ਹਾ ਆਗੂ ਬਲਰਾਜ ਜੋਸ਼ੀ, ਹਰਦੀਪ ਡਰੌਲੀ, ਸੁਖਵਿੰਦਰ ਬਾਰਨ, ਜਗਦੀਪ ਛੰਨਾਂ ਤੇ ਹਰਦੇਵ ਘੱਗਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।