ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਅੱਗੇ ਧਰਨਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਨਵੰਬਰ
ਮੁਲਾਜ਼ਮ ਮੰਗਾਂ ਸਬੰਧੀ ਕੱਲ੍ਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ’ਤੇ ਸਿਹਤ ਵਿਭਾਗ ਦੇ ਚੌਥਾ ਦਰਜਾ ਅਤੇ ਹੋਰ ਮੁਲਾਜ਼ਮਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਇੱਥੇ ਸਿਹਤ ਮੰਤਰੀ ਦੇ ਘਰ ਅੱਗੇ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਧਰਨਾ ਆਰੰਭ ਦਿੱਤਾ ਹੈ। ਧਰਨੇ ਦੀ ਅਗਵਾਈ ਕਰਦਿਆਂ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਸੇ ਥਾਂ ’ਤੇ 28 ਅਤੇ 29 ਨਵੰਬਰ ਨੂੰ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਚੌਥਾ ਦਰਜਾ ਕਰਮਚਾਰੀਆਂ, ਪੈਰਾ-ਮੈਡੀਕਲ ਸਟਾਫ਼ ਵਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਸਿਹਤ ਮੰਤਰੀ ਦੀ ਇਥੇ ਪਾਸੀ ਰੋਡ ਸਥਿਤ ਰਿਹਾਇਸ਼ ਨੇੜੇ ਤਿੰਨ ਰੋਜ਼ਾ ਧਰਨਾ ਸ਼ੁਰੂ ਕੀਤਾ ਗਿਆ ਹੈ। ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਸੇ ਹੀ ਕੜੀ ਵਜੋਂ 14 ਦਸੰਬਰ ਨੂੰ ਮੰਤਰੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ’ਚ ਕਾਲੇ ਝੰਡਿਆਂ ਨਾਲ ਜ਼ੋਨਲ ਰੈਲੀ ਕਰਕੇ ਬਾਜ਼ਾਰਾਂ ਵਿੱਚ ਮਾਰਚ ਵੀ ਕੀਤਾ ਜਾਵੇਗਾ।
ਅੱਜ ਦੇ ਇਸ ਧਰਨੇ ’ਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਜੇਸ਼ ਗੋਲੂ, ਰਾਮ ਕਿਸ਼ਨ, ਰਾਮ ਲਾਲ ਰਾਮਾ, ਬਲਬੀਰ ਸਿੰਘ, ਲਖਵੀਰ ਸਿੰਘ, ਕਮਲਜੀਤ ਸਿੰਘ, ਇੰਦਰਪਾਲ, ਸ਼ਿਵ ਚਰਨ, ਟੋਨੀ, ਉਂਕਾਰ ਸਿੰਘ ਦਮਨ, ਮੋਧ ਨਾਥ ਸ਼ਰਮਾ, ਮੱਖਣ ਸਿੰਘ, ਮੇਘੁ ਰਾਮ, ਗੁਰਸੇਵਕ ਸਿੰਘ ਅਤੇ ਪ੍ਰਕਾਸ਼ ਸਿੰਘ ਲੁਬਾਣਾ ਆਦਿ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਮੰਗਾਂ ਤੋਂ ਭੱਜਣ ਦੇ ਦੋਸ਼ ਲਾਏ।