ਸਬ-ਤਹਿਸੀਲ ਦੇ ਦੁਕਾਨਦਾਰਾਂ ਤੇ ਪ੍ਰਾਪਰਟੀ ਡੀਲਰਾਂ ਵੱਲੋਂ ਧਰਨਾ
ਡਾ. ਹਿਮਾਂਸੂ ਸੂਦ
ਮੰਡੀ ਗੋਬਿੰਦਗੜ੍ਹ, 8 ਫਰਵਰੀ
ਸਬ-ਤਹਿਸੀਲ ਦੇ ਨਵੇਂ ਕੰਪਲੈਕਸ ਵਿੱਚ ਆਪਣੇ ਖ਼ਰਚੇ ’ਤੇ ਦੁਕਾਨਾਂ ਬਣਾ ਕੇ ਕੰਮ ਕਰਨ ਵਾਲੇ ਵਸੀਕਾ ਨਵੀਸ, ਅਸਟਾਮ ਫ਼ਰੋਸ ਅਤੇ ਹੋਰ ਲਾਇਸੈਂਸ ਹੋਲਡਰਾਂ ਦੀਆਂ ਪ੍ਰਸ਼ਾਸਨ ਵੱਲੋਂ ਬੀਤੀ ਸਾਮ ਚਾਬੀਆਂ ਫੜਨ ਦੇ ਰੋਸ ਵਜੋਂ ਅੱਜ ਸਮੂਹ ਲਾਇਸੈਂਸ ਹੋਲਡਰਾਂ ਨੇ ਆਪਣੇ ਕੰਮ ਬੰਦ ਕਰ ਕੇ ਮੁੱਖ ਗੇਟ ’ਤੇ ਧਰਨਾ ਦਿੱਤਾ। ਇਸ ਕਾਰਨ ਸਮੂਹ ਕੰਮ-ਕਾਜ ਠੱਪ ਰਹੇ ਅਤੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪ੍ਰਾਪਰਟੀ ਡੀਲਰ ਅਤੇ ਹੋਰ ਸੰਸਥਾਵਾਂ ਦੇ ਆਗੂ ਵੀ ਇਨ੍ਹਾਂ ਧਰਨਾਕਾਰੀਆਂ ਦੀ ਹਮਾਇਤ ਵਿੱਚ ਆਏ। ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾ ਸਬ-ਤਹਿਸੀਲ ਨਵੇਂ ਕੰਪਲੈਕਸ ਵਿੱਚ ਚਲੀ ਗਈ ਜਿੱਥੇ ਲਾਇਸੈਂਸ ਹੋਲਡਰਾਂ ਜਾਂ ਆਮ ਲੋਕਾਂ ਦੀ ਸਹੂਲਤ ਲਈ ਕੋਈ ਵੀ ਦੁਕਾਨ ਆਦਿ ਨਹੀਂ ਸੀ ਤੇ ਉਸ ਸਮੇਂ ਦੀ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਪਣੇ ਖ਼ਰਚੇ ਉੱਪਰ ਦੁਕਾਨਾਂ ਬਣਾਉਣ ਲਈ ਕਹਿ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਿਛਲੇ ਪਾਸੇ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ ਜਿੱਥੇ 6X8 ਦੇ ਖੋਖੇ ਲਗਾਉਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ਇਹ ਤਹਿਸੀਲ ਹੈ, ਉੱਥੇ ਚੋਰੀਆਂ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਆਦਿ ਲਿਖਵਾਉਣ ਵਾਲਿਆਂ ਨਾਲ ਗਵਾਹ ਆਦਿ ਵੀ ਆਉਂਦੇ ਹਨ, ਇਸ ਲਈ ਛੋਟੇ ਆਕਾਰ ਦੀ ਥਾਂ ਵਿੱਚ ਦਿੱਕਤਾਂ ਆਉਣਗੀਆਂ।
ਇਸ ਸਬੰਧੀ ਨਾਇਬ ਤਹਿਸੀਲਦਾਰ ਹਰਨੇਕ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।