For the best experience, open
https://m.punjabitribuneonline.com
on your mobile browser.
Advertisement

ਰੂਲਰ ਵੈਟਰਨਰੀ ਫਾਰਮਾਸਿਸਟਾਂ ਵੱਲੋਂ ਡਿਪਟੀ ਡਾਇਰੈਕਟਰ ਦਫ਼ਤਰ ਅੱਗੇ ਧਰਨਾ

07:14 AM May 10, 2024 IST
ਰੂਲਰ ਵੈਟਰਨਰੀ ਫਾਰਮਾਸਿਸਟਾਂ ਵੱਲੋਂ ਡਿਪਟੀ ਡਾਇਰੈਕਟਰ ਦਫ਼ਤਰ ਅੱਗੇ ਧਰਨਾ
ਸੰਗਰੂਰ ’ਚ ਰੂਰਲ ਵੈਟਰਨਰੀ ਫਾਰਮਾਸਿਸਟ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਮਈ
ਵੈਟਰਨਰੀ ਫਾਰਮਾਸਿਸਟ ਯੂਨੀਅਨ ਦੀ ਅਗਵਾਈ ਹੇਠ ਵੈਟਰਨਰੀ ਫਾਰਮਾਸਿਸਟਾਂ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਇਥੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਆਗੂ ਜਸਵਿੰਦਰ ਬੱਬੂ ਨੇ ਕਿਹਾ ਕਿ ਰੂਰਲ ਵੈਟਰਨਰੀ ਫਾਰਮਾਸਿਸਟ ਪਿਛਲੇ ਕਰੀਬ 17 ਸਾਲਾਂ ਤੋਂ ਠੇਕਾ ਆਧਾਰ ’ਤੇ ਬਹੁਤ ਹੀ ਘੱਟ ਤਨਖਾਹ ਸਿਰਫ਼ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਵੈਟਰਨਰੀ ਫਾਰਮਾਸਿਸਟਾਂ ਦਾ ਕੰਟਰੈਕਟ ਹਰ ਸਾਲ ਵਿਭਾਗ ਵੱਲੋਂ ਰਿਨਿਊ ਕੀਤਾ ਜਾਂਦਾ ਹੈ ਅਤੇ ਇਸ ਵਾਰ 31 ਮਾਰਚ 2024 ਨੂੰ ਇਹ ਕੰਟਰੈਕਟ ਖਤਮ ਹੋ ਗਿਆ ਹੈ ਜਿਸ ਵਿੱਚ ਹਾਲੇ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਾਰਨ ਵੈਟਰਨਰੀ ਫਾਰਮਾਸਿਸਟਾਂ ਵਿਚ ਸਰਕਾਰ ਪ੍ਰਤੀ ਰੋਸ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਕੱਚੇ ਮੁਲਾਜ਼ਮਾਂ ਦੀ ਹਮਾਇਤੀ ਹੋਣ ਦਾ ਦਾਅਵਾ ਕਰਦੀ ਸੀ, ਉਸ ਵੱਲੋਂ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਅਤੇ ਉਹ ਹਾਲੇ ਵੀ ਠੇਕਾ ਆਧਾਰ ’ਤੇ ਨਿਗੂਣੀ ਤਨਖਾਹ ’ਤੇ ਸੇਵਾਵਾਂ ਨਿਭਾਉਣ ਲਈ ਮਜਬੂਰ ਹਨ।
ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਇਸ਼ਤਿਹਾਰੀ ਫਲੈਕਸ ਬੋਰਡਾਂ ਉੱਪਰ ਹੀ ਕੱਚੇ ਮੁਲਾਜ਼ਮ ਪੱਕੇ ਕੀਤੇ ਹਨ ਜਦੋਂ ਕਿ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੱਕੇ ਤਾਂ ਕੀ ਕਰਨਾ ਸੀ ਸਗੋਂ ਸਰਕਾਰ ਵੱਲੋਂ ਰੂਰਲ ਵੈਟਰਨਰੀ ਫਾਰਮਾਸਿਸਟਾਂ ਦੀ ਤਨਖਾਹ ਵਿੱਚ ਇੱਕ ਰੁਪਏ ਦਾ ਵਾਧਾ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਜਿਸ ਦੇ ਰੋਸ ਵਜੋਂ ਹੀ ਰੂਰਲ ਵੈਟਰਨਰੀ ਫਾਰਮਾਸਿਸਟਾਂ ਵਲੋਂ ਪੰਜਾਬ ਭਰ ਵਿਚ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ ਹਨ। ਯੂਨੀਅਨ ਦੇ ਵਫ਼ਦ ਵਲੋਂ ਵਿਭਾਗ ਦੇ ਡਿਪਟੀ ਡਾਇਰਕੈਟਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਰੂਰਲ ਵੈਟਰਨਰੀ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਹੋਰ ਮੰਗਾਂ ਦੀ ਤੁਰੰਤ ਪੂਰਤੀ ਕੀਤੀ ਜਾਵੇ। ਇਸ ਮੌਕੇ ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਜਸਵੀਰ ਸਿੰਘ, ਕ੍ਰਿਸ਼ਨ, ਹਰੀਸ਼ ਤੇ ਪਾਰਸ ਬਰਨਾਲਾ ਆਦਿ ਫਾਰਮਾਸਿਸਟ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×